ਅੰਮ੍ਰਿਤਸਰ | ਅੰਮ੍ਰਿਤਸਰ ਏਅਰਪੋਰਟ ‘ਤੇ ਕਸਟਮ ਵਿਭਾਗ ਨੇ ਵਿਅਕਤੀ ਨੂੰ ਸੋਨੇ ਦੀ ਤਸਕਰੀ ਕਰਦੇ ਫੜਿਆ ਹੈ। ਸ਼ਾਰਜਾਹ ਤੋਂ ਆਏ ਯਾਤਰੀ ਨੂੰ ਪੁਲਿਸ ਨੇ ਹਿਰਾਸਤ ‘ਚ ਲੈ ਲਿਆ ਹੈ। ਜਾਣਕਾਰੀ ਮੁਤਾਬਕ ਉਕਤ ਮੁਲਜ਼ਮ ਸੋਨੇ ਦੀ ਪੇਸਟ ਬਣਾ ਕੇ ਤਸਕਰੀ ਕਰ ਰਿਹਾ ਸੀ ਤਾਂ ਜੋ ਇਸ ਨੂੰ ਮੈਟਲ ਡਿਟੈਕਟਰ ਤੋਂ ਬਚਾਇਆ ਜਾ ਸਕੇ।
ਜਿਵੇਂ ਹੀ ਯਾਤਰੀਆਂ ਦੀ ਚੈਕਿੰਗ ਚੱਲ ਰਹੀ ਸੀ। ਕਸਟਮ ਵਿਭਾਗ ਦੀ ਚੌਕਸੀ ਅਤੇ ਇਨਪੁਟਸ ਦੇ ਆਧਾਰ ‘ਤੇ ਇਕ ਵਿਅਕਤੀ ਨੂੰ ਹਿਰਾਸਤ ‘ਚ ਲਿਆ ਗਿਆ। ਜਦੋਂ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਕੋਈ ਵੀ ਸ਼ੱਕੀ ਚੀਜ਼ ਨਹੀਂ ਮਿਲੀ ਪਰ ਜਦੋਂ ਉਸ ਦੀ ਡੂੰਘਾਈ ਨਾਲ ਜਾਂਚ ਕੀਤੀ ਤਾਂ ਉਸ ਦੇ ਗੁਪਤ ਅੰਗ ਵਿਚੋਂ ਸੋਨੇ ਦੇ ਪੇਸਟ ਦੇ 3 ਕੈਪਸੂਲ ਮਿਲੇ।
ਕੈਪਸੂਲ ਮਿਲਣ ਤੋਂ ਬਾਅਦ ਕਸਟਮ ਵਿਭਾਗ ਨੇ ਦੋਸ਼ੀ ਨੂੰ ਹਿਰਾਸਤ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੋਨੇ ਦੇ ਪੇਸਟ ਦਾ ਕੁੱਲ ਵਜ਼ਨ 1.072 ਕਿਲੋਗ੍ਰਾਮ ਹੋਣ ਦਾ ਅਨੁਮਾਨ ਲਗਾਇਆ ਗਿਆ ਸੀ ਪਰ ਜਦੋਂ ਉਸ ਪੇਸਟ ਨੂੰ ਸੋਨੇ ਵਿਚ ਬਦਲਿਆ ਗਿਆ ਤਾਂ ਇਸਦਾ ਕੁੱਲ ਭਾਰ 778 ਗ੍ਰਾਮ ਸੀ। ਸੋਨੇ ਦੀ ਅੰਤਰਰਾਸ਼ਟਰੀ ਕੀਮਤ 47.45 ਲੱਖ ਰੁਪਏ ਦੱਸੀ ਗਈ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜੇ ਹੋਰ ਜਾਂਚ ਜਾਰੀ ਹੈ।