ਹੁਸ਼ਿਆਰਪੁਰ ‘ਚ ਦੁਆਬਾ ਸਕੂਲ ਵੱਲੋਂ ਕੀਤੀ ਜਾ ਰਹੀ ਲੁੱਟ ਖ਼ਿਲਾਫ਼ ਮਾਪਿਆਂ ਦਾ ਫੁੱਟਿਆ ਗੁੱਸਾ

0
5470

ਹੁਸ਼ਿਆਰਪੁਰ | ਪੰਜਾਬ ‘ਚ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਅਤੇ ਨਿੱਜੀ ਸਕੂਲਾਂ ਵਿੱਚ ਮਾਪਿਆਂ ਦੀ ਲੁੱਟ ਨੂੰ ਰੋਕਣ ਲਈ ਭਾਵੇਂ ਸਰਕਾਰਾਂ ਵਲੋਂ ਦਾਅਵੇ ਕੀਤੇ ਜਾਂਦੇ ਹਨ ਪਰ ਜਮੀਨੀ ਹਕੀਕਤ ਵਿੱਚ ਨਿੱਜੀ ਸਕੂਲਾਂ ਵਿੱਚ ਮਾਪਿਆਂ ਦੀ ਲੁੱਟ ਅੱਜ ਵੀ ਜਾਰੀ ਹੈ।

ਗੜ੍ਹਸ਼ੰਕਰ ਦੇ ਪਿੰਡ ਪਾਰੋਵਾਲ ‘ਚ ਦੁਆਬਾ ਪਬਲਿਕ ਸਕੂਲ ਵਲੋਂ ਲਗਾਤਾਰ ਕੀਤੀਆਂ ਜਾ ਰਹੀਆਂ ਮਨਮਾਨੀਆਂ ਕਾਰਨ ਅੱਜ ਬੱਚਿਆਂ ਦੇ ਮਾਪਿਆਂ ਦਾ ਗੁੱਸਾ ਖੁੱਲ੍ਹ ਕੇ ਸਾਹਮਣੇ ਆਇਆ।

ਮਾਪਿਆਂ ਵੱਲੋਂ ਕੜਕਦੀ ਧੁੱਪ ‘ਚ ਸਕੂਲ ਦੇ ਗੇਟ ਅੱਗੇ ਧਰਨਾ ਲਾਕੇ ਸਕੂਲ ਪ੍ਰਸ਼ਾਸਨ ਦੇ ਖ਼ਿਲਾਫ਼ ਜੰਮਕੇ ਨਾਰੇਬਾਜੀ ਕੀਤੀ।

ਇਸ ਮੌਕੇ ਬੱਚਿਆਂ ਦੇ ਮਾਪਿਆਂ ਨੇ ਰੋਂਦੇ ਹੋਏ ਦੱਸਿਆ ਕਿ ਸਕੂਲ ਵੱਲੋ ਬਿਲਡਿੰਗ ਫੰਡ ਦੇ ਨਾਮ ‘ਤੇ ਬੱਚਿਆਂ ਦੇ ਮਾਪਿਆਂ ਨੂੰ ਡਰਾਕੇ ਹਜਾਰਾਂ ਰੁਪਏ ਲਏ ਜਾਂਦੇ ਹਨ।

ਜੇਕਰ ਕੋਈ ਸਵਾਲ ਕਰਦਾ ਹੈ ਤਾਂ ਉਸ ਦੇ ਬੱਚੇ ਨੂੰ ਸਕੂਲ ‘ਚੋਂ ਕੱਢਣ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਸਕੂਲ ਵਲੋਂ ਹਰ ਸਾਲ ਫੀਸਾਂ ਵਿੱਚ ਭਾਰੀ ਵਾਧਾ ਕੀਤਾ ਜਾਂਦਾ ਹੈ ਅਤੇ ਬੱਚਿਆਂ ਨੂੰ ਕਿਤਾਬਾਂ ਤੇ ਵਰਦੀਆਂ ਵੀ ਸਕੂਲ ਵਿਚੋਂ ਲੈਣ ਲਈ ਮਜ਼ਬੂਰ ਕੀਤਾ ਜਾਂਦਾ ਹੈ।

ਇਸ ਸਬੰਧੀ ਜਦੋਂ ਸਕੂਲ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਮਾਪਿਆਂ ਦੇ ਸਾਰੇ ਸਵਾਲਾਂ ਦੇ ਗੋਲ-ਮੋਲ ਜਵਾਬ ਦੇ ਕੇ ਅਪਣਾ ਪੱਲਾ ਝਾੜ ਲਿਆ।