ਪਾਣੀਪਤ| ਤੇਜ਼ੀ ਨਾਲ ਬਦਲਦੀ ਦੁਨੀਆਂ ਵਿਚ ਰਿਸ਼ਤੇ ਅਤੇ ਉਸਦੀਆਂ ਚੁਣੌਤੀਆਂ ਵੀ ਬਦਲ ਗਈਆਂ ਹਨ। ਹਰਿਆਣਾ ਵਿਚ ਪਤੀ-ਪਤਨੀ ਵਿਚ ਲੜਾਈ-ਝਗੜੇ ਦਾ ਅਜੀਬ ਮਾਮਲਾ ਸਾਹਮਣੇ ਆਇਆ ਹੈ। ਇਕ ਔਰਤ ਨੇ ਇਲਜ਼ਾਮ ਲਗਾਇਆ ਹੈ ਕਿ ਉਸਦਾ ਪਤੀ HIV ਪਾਜ਼ੇਟਿਵ ਹੈ। ਫਿਰ ਵੀ ਉਹ ਉਸ ਨਾਲ ਸਰੀਰਕ ਸਬੰਧ ਬਣਾਉਣਾ ਚਾਹੁੰਦਾ ਹੈ। ਪਤੀ ਉਸਦੇ ਚਰਿੱਤਰ ਉਤੇ ਵੀ ਸ਼ੱਕ ਕਰਦਾ ਹੈ ਤੇ ਉਸਨੂੰ HIV ਨਾਲ ਸੰਕ੍ਰਮਿਤ ਕਰਨ ਦੀ ਧਮਕੀ ਵੀ ਦਿੰਦਾ ਹੈ।
ਲੜਾਈ-ਝਗੜੇ ਤੋਂ ਤੰਗ ਆ ਕੇ ਆਖਿਰਕਾਰ ਔਰਤ ਨੇ ਪਾਣੀਪਤ ਜ਼ਿਲ੍ਹਾ ਅਦਾਲਤ ਵਿਚ ਸੁਰੱਖਿਆ ਲਈ ਅਪੀਲ ਕੀਤੀ ਹੈ। ਔਰਤ ਨੇ ਆਪਣੀ ਸ਼ਿਕਾਇਤ ਵਿਚ ਦੱਸਿਆ ਹੈ ਕਿ ਉਸਦਾ 2009 ਵਿਚ ਪ੍ਰੇਮ ਵਿਆਹ ਹੋਇਆ ਸੀ।
ਉਹ ਅੰਬਾਲਾ ਵਿਚ ਪੜ੍ਹਦੀ ਸੀ ਅਤੇ ਅੰਬਾਲਾ ਵਿਚ ਹੀ ਉਸਦੀ ਦੋਸਤੀ ਮੋਬਾਇਲ ਦੀ ਦੁਕਾਨ ਦੇ ਮਾਲਕ ਨਾਲ ਹੋਈ ਸੀ। ਜਲਦੀ ਹੀ ਦੋਵਾਂ ਦਾ ਵਿਆਹ ਹੋ ਗਿਆ। 2018 ਵਿਚ ਜਦੋਂ ਉਸਦੇ ਪਤੀ ਦੀ ਸਿਹਤ ਖਰਾਬ ਹੋਣ ਲੱਗੀ ਤਾਂ ਉਸਦਾ HIV ਟੈਸਟ ਕਰਵਾਇਆ ਗਿਆ ਤਾਂ ਉਸਦੇ HIV ਪਾਜ਼ੇਟਿਵ ਹੋਣ ਦਾ ਪਤਾ ਲੱਗਾ।
ਇਸ ਤੋਂ ਬਾਅਦ ਉਲਟਾ ਉਸਦਾ ਪਤੀ ਉਸਦੇ ਚਰਿੱਤਰ ਉਤੇ ਹੀ ਸ਼ੱਕ ਕਰਨ ਲੱਗ ਪਿਆ ਤੇ ਉਸ ਨਾਲ ਸਰੀਰਕ ਸਬੰਧ ਬਣਾ ਕੇ ਉਸਨੂੰ HIV ਪਾਜ਼ੇਟਿਵ ਕਰਨ ਦੀਆਂ ਧਮਕੀਆਂ ਦੇਣ ਲੱਗਾ।
ਜਦੋਂ ਮਾਮਲਾ ਅਦਾਲਤ ਵਿਚ ਪੁੱਜਿਆ ਤਾਂ ਜੱਜ ਰਜਨੀ ਗੁਪਤਾ ਨੇ ਇਹ ਫੈਸਲਾ ਸੁਣਾਇਆ ਕਿ ਪਤਨੀ ਉਸੇ ਘਰ ਵਿਚ ਹੀ ਆਪਣੇ ਬੱਚਿਆਂ ਨਾਲ ਰਹੇਗੀ ਪਰ ਉਸਨੂੰ ਘਰ ਵਿਚ ਹੀ ਵੱਖਰੇ ਤੌਰ ਉਤੇ ਕਮਰੇ ਬਣਾ ਕੇ ਦਿੱਤੇ ਜਾਣ ਤੇ ਉਸਦੇ ਪਤੀ ਨੂੰ ਸਖਤ ਹਦਾਇਤਾਂ ਕੀਤੀਆਂ ਗਈਆਂ ਕਿ ਜੇਕਰ ਉਸਨੇ ਆਪਣੀ ਪਤਨੀ ਨੂੰ ਪਰੇਸ਼ਾਨ ਕੀਤਾ ਤਾਂ ਉਸ ਉਪਰ ਸਖਤ ਕਾਰਵਾਈ ਕੀਤੀ ਜਾਵੇਗੀ।