ਪੰਜਾਬ ਦੇ ਇਨ੍ਹਾਂ ਪਿੰਡਾਂ ‘ਚ ਨਹੀਂ ਹੋਣਗੀਆਂ ਪੰਚਾਇਤੀ ਚੋਣਾਂ, ਜਾਣੋ ਕੀ ਹੈ ਮਾਮਲਾ

0
651

ਫਾਜ਼ਿਲਕਾ, 28 ਸਤੰਬਰ | ਪੰਜਾਬ ‘ਚ ਪੰਚਾਇਤੀ ਚੋਣਾਂ ਦਾ ਐਲਾਨ ਹੋ ਚੁੱਕਾ ਹੈ ਪਰ ਕੁਝ ਪਿੰਡ ਅਜਿਹੇ ਵੀ ਸਾਹਮਣੇ ਆਏ ਹਨ, ਜਿੱਥੇ ਫਿਲਹਾਲ ਪੰਚਾਇਤੀ ਚੋਣਾਂ ਨਹੀਂ ਹੋਣਗੀਆਂ। ਫਾਜ਼ਿਲਕਾ ਹਲਕੇ ਨਾਲ ਸਬੰਧਤ ਜਲਾਲਾਬਾਦ ਬਲਾਕ ਦੇ ਪਿੰਡਾਂ ਲਾਧੂਕਾ ਅਤੇ ਅੱਚਾ ਡਿੱਕੀ ਦੀਆਂ ਪੰਚਾਇਤੀ ਚੋਣਾਂ 15 ਅਕਤੂਬਰ ਨੂੰ ਨਹੀਂ ਹੋਣਗੀਆਂ। ਇਨ੍ਹਾਂ ਪਿੰਡਾਂ ਵਿਚ ਵਾਰਡਾਂ ਦੀ ਘਾਟ ਕਾਰਨ ਇਸ ਵਾਰ ਪੰਚਾਇਤੀ ਚੋਣਾਂ ਨਹੀਂ ਹੋਣਗੀਆਂ।

ਇਸ ਸਬੰਧੀ ਜਦੋਂ ਪਿੰਡ ਵਾਸੀਆਂ ਨੇ ਆਪਣੀ ਸ਼ਿਕਾਇਤ ਲੈ ਕੇ ਫਾਜ਼ਿਲਕਾ ਦੇ ਵਿਧਾਇਕ ਨਰਿੰਦਰਪਾਲ ਸਿੰਘ ਸੋਨਾ ਕੋਲ ਪਹੁੰਚ ਕੀਤੀ ਤਾਂ ਉਨ੍ਹਾਂ ਚੋਣਾਂ ਦੀ ਪੂਰੀ ਤਿਆਰੀ ਕਰ ਲਈ ਹੈ ਪਰ ਮੌਕੇ ਦੀ ਗੱਲ ਕਰੀਏ ਤਾਂ ਇਸ ਵਾਰ ਉਨ੍ਹਾਂ ਦੇ ਪਿੰਡਾਂ ਵਿਚ ਪੰਚਾਇਤੀ ਚੋਣਾਂ ਨਹੀਂ ਹੋਣਗੀਆਂ। ਪਿੰਡ ਲਾਧੂਕਾ ਦੇ ਵਸਨੀਕ ਰਾਜ ਤਿਲਕ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਤ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਪਿੰਡ ਦੀਆਂ ਚੋਣਾਂ ਅਣਮਿੱਥੇ ਸਮੇਂ ਲਈ ਰੱਦ ਕਰ ਦਿੱਤੀਆਂ ਗਈਆਂ ਹਨ।

ਇਸ ਲਈ ਉਹ ਆਪਣੀ ਸ਼ਿਕਾਇਤ ਲੈ ਕੇ ਹਲਕਾ ਵਿਧਾਇਕ ਨਰਿੰਦਰਪਾਲ ਸਿੰਘ ਕੋਲ ਪਹੁੰਚੇ ਹਨ। ਉਨ੍ਹਾਂ ਦੱਸਿਆ ਕਿ ਪਿੰਡ ਲਾਧੂਕਾ ਵਿਚ ਨਵਾਂ ਪਿੰਡ ‘ਅੱਛਾ ਡਿੱਕੀ’ ਬਣਾਇਆ ਜਾਣਾ ਸੀ।  2018 ਵਿਚ ਅਦਾਲਤ ਰਾਹੀਂ ਪਿੰਡ ਦੀ ਵੰਡ ਕੀਤੀ ਗਈ। 5-6 ਸਾਲ ਬੀਤ ਜਾਣ ’ਤੇ ਵੀ ਦੋਵਾਂ ਪਿੰਡਾਂ ਦੇ ਵਾਰਡਾਂ ਦੀ ਹੱਦਬੰਦੀ ਨਹੀਂ ਕੀਤੀ ਗਈ, ਜਿਸ ਕਰਕੇ ਚੋਣਾਂ ਰੱਦ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਇਸ ਨੂੰ ਪ੍ਰਸ਼ਾਸਨ ਦੀ ਨਾਕਾਮੀ ਦੱਸਿਆ।

ਇਸ ਸਬੰਧੀ ਵਿਧਾਇਕ ਨਰਿੰਦਰਪਾਲ ਸਿੰਘ ਨੇ ਦੱਸਿਆ ਕਿ ਮਾਣਯੋਗ ਹਾਈਕੋਰਟ ਦੇ ਹੁਕਮਾਂ ਅਨੁਸਾਰ ਪਿੰਡ ਲਾਧੂਕਾ ਨੂੰ ਵੱਖ ਕਰ ਕੇ ਅੱਛਾ ਡਿੱਕੀ ਪੰਚਾਇਤ ਬਣਾਈ ਗਈ ਸੀ। ਦੋਵਾਂ ਪਿੰਡਾਂ ਦੇ ਵਾਰਡਬੰਦੀ ਦਾ ਨੋਟੀਫਿਕੇਸ਼ਨ ਨਾ ਹੋਣ ਕਾਰਨ ਇੱਥੇ ਪੰਚਾਇਤੀ ਚੋਣਾਂ ਨਹੀਂ ਹੋ ਰਹੀਆਂ। ਇਸ ਕਾਰਨ ਉਹ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਨੂੰ ਮਿਲੇ। ਉਨ੍ਹਾਂ ਭਰੋਸਾ ਦਿੱਤਾ ਹੈ ਕਿ ਚੋਣਾਂ ਖ਼ਤਮ ਹੋਣ ਤੋਂ ਬਾਅਦ ਇਨ੍ਹਾਂ ਦੋਵਾਂ ਪਿੰਡਾਂ ਦੀ ਨਵੀਂ ਵਾਰਡਬੰਦੀ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਵੇਗਾ। ਇਸ ਤੋਂ ਬਾਅਦ ਚੋਣ ਪ੍ਰਕਿਰਿਆ ਸ਼ੁਰੂ ਹੋਵੇਗੀ ਤੇ ਕੁਝ ਸਮੇਂ ਬਾਅਦ ਇੱਥੇ ਚੋਣਾਂ ਕਰਵਾਈਆਂ ਜਾਣਗੀਆਂ।