ਪੰਜਾਬੀ ਗਾਇਕ ਗੁਰਮਨ ਮਾਨ ਖਿਲਾਫ ਧਾਰਾ 295-A ਤਹਿਤ ਪਰਚਾ, ਗੀਤ ‘ਚ ਭਗਵਾਨ ਸ਼ਨੀ ਦੇਵ ‘ਤੇ ਕੀਤੀ ਸੀ ਟਿੱਪਣੀ

0
3185

ਲੁਧਿਆਣਾ, 31 ਦਸੰਬਰ| ਪੰਜਾਬੀ ਗਾਇਕ ਗੁਰਮਨ ਮਾਨ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਥਾਣਾ ਦਰੇਸੀ ਦੀ ਪੁਲਿਸ ਨੇ ਗਾਇਕ ਖ਼ਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਠ ਧਾਰਾ 295-ਏ ਤਹਿਤ ਕੇਸ ਦਰਜ ਕੀਤਾ ਹੈ। ਗਾਇਕ ਨੇ ਆਪਣੀ ਐਲਬਮ – ਚੱਕਦੋ-ਰੱਖਲ਼ੋ ਵਿੱਚ ਗੀਤ ਕਾਨਵੋ ਵਿੱਚ ਭਗਵਾਨ ਸ਼ਨੀ ਬਾਰੇ ਟਿੱਪਣੀ ਕੀਤੀ ਹੈ। ਗਾਇਕ ਦੀ ਗ੍ਰਿਫਤਾਰੀ ਲਈ ਪੁਲਿਸ ਛਾਪੇਮਾਰੀ ਕਰ ਰਹੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਪੰਡਿਤ ਦੀਪਕ ਸ਼ਰਮਾ ਵਾਸੀ ਨੂਰਵਾਲਾ ਨੇ ਪੁਲਿਸ ਨੂੰ ਦੱਸਿਆ ਕਿ ਉਹ ਸ਼ਨੀ ਮੰਦਰ, 70 ਫੁੱਟੀ ਰੋਡ, ਸੁੰਦਰ ਨਗਰ ਬਸਤੀ ਜੋਧੇਵਾਲ ਵਿੱਚ ਬਤੌਰ ਪੁਜਾਰੀ ਸੇਵਾ ਨਿਭਾਅ ਰਿਹਾ ਹੈ। 30 ਦਸੰਬਰ ਨੂੰ ਸ਼ਾਮ 6.30 ਵਜੇ ਉਹ ਆਪਣੇ ਮੋਬਾਈਲ ‘ਤੇ ਯੂਟਿਊਬ ਤੋਂ ਭਜਨ ਸੁਣ ਰਿਹਾ ਸੀ ਕਿ ਅਚਾਨਕ ਐਲਬਮ ਚੱਕਲੋ-ਰੱਖਲੋ ਦਾ ਕਾਨਵੋ ਗੀਤ ਵੱਜਣ ਲੱਗਾ। ਸ਼ਨੀ ਦੇਵ ਜੀ ਹਿੰਦੂ ਧਰਮ ਦੇ ਦੇਵਤਾ ਹਨ। ਇਸ ਗੀਤ ਵਿਚ ਉਨ੍ਹਾਂ ਉਤੇ ਟਿੱਪਣੀ ਕੀਤੀ ਗਈ ਹੈ। ਇਸ ਗੀਤ ਨੂੰ ਗਾਇਕ ਗੁਰਮਨ ਮਾਨ ਨੇ ਗਾਇਆ ਹੈ।

ਗਾਇਕ ਨੇ ਸ਼ਨੀ ਮਹਾਰਾਜ ‘ਤੇ ਗਲਤ ਟਿੱਪਣੀਆਂ ਕਰਕੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਦੀਪਕ ਸ਼ਰਮਾ ਅਨੁਸਾਰ ਥਾਣਾ ਦਰੇਸੀ ਦੀ ਪੁਲਿਸ ਨੇ ਕਾਰਵਾਈ ਕਰਦਿਆਂ ਗਾਇਕ ਗੁਰਮਨ ਮਾਨ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਸ ਮਾਮਲੇ ਦੀ ਜਾਂਚ ਸਬ ਇੰਸਪੈਕਟਰ ਹਰਪਾਲ ਸਿੰਘ ਕਰ ਰਹੇ ਹਨ।