ਪਾਕਿਸਤਾਨ | ਇਥੋਂ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਤੀਜੀ ਪਤਨੀ ਰੇਹਮ ਖਾਨ ਨੇ ਤੀਜਾ ਵਿਆਹ ਕਰਵਾ ਲਿਆ ਹੈ। ਰੇਹਮ ਨੇ ਟਵੀਟ ਕਰਕੇ ਆਪਣੇ ਨਿਕਾਹ ਦੀ ਖਬਰ ਸ਼ੇਅਰ ਕੀਤੀ। ਰੇਹਮ ਖਾਨ ਦਾ ਪਹਿਲਾ ਨਿਕਾਹ 1993 ਵਿਚ ਏਜਾਜ਼ ਰਹਿਮਾਨ ਨਾਲ ਹੋਇਆ ਸੀ ਤੇ 2005 ਵਿਚ ਤਲਾਕ ਹੋ ਗਿਆ ਸੀ। ਇਸ ਤੋਂ ਬਾਅਦ ਰੇਹਮ ਨੇ 2014 ਵਿਚ ਇਮਰਾਨ ਖਾਨ ਨਾਲ ਨਿਕਾਹ ਕੀਤਾ ਪਰ ਇਕ ਸਾਲ ਬਾਅਦ ਦੋਵਾਂ ਦਾ ਤਲਾਕ ਹੋ ਗਿਆ।
ਰੇਹਮ ਖਾਨ ਨੂੰ ਇਮਰਾਨ ਖਾਨ ਦੀ ਸਾਬਕਾ ਪਤਨੀ ਵਜੋਂ ਜਾਣਿਆ ਜਾਂਦਾ ਹੈ ਪਰ 49 ਸਾਲ ਦੀ ਪੱਤਰਕਾਰ ਤੇ ਕੁਮੈਂਟੇਟਰ ਰੇਹਮ ਖਾਨ ਪਾਕਿਤਸਾਨ ਦੀ ਇਕ ਮੰਨੀ-ਪ੍ਰਮੰਨੀ ਲੇਖਕ ਤੇ ਫਿਲਮਕਾਰ ਵੀ ਹੈ। ਉਨ੍ਹਾਂ ਦਾ ਜਨਮ 3 ਅਪ੍ਰੈਲ 1973 ਨੂੰ ਲੋਬੀਆ ਵਿਚ ਹੋਇਆ ਸੀ। ਉਹ ਉਰਦੂ ਤੇ ਅੰਗਰੇਜ਼ੀ ਸਣੇ ਚਾਰ ਭਾਸ਼ਾਵਾਂ ਬਾਰੇ ਜਾਣਦੀ ਹੈ। ਉਹ ਪੇਸ਼ਾਵਰ ਦੇ ਜਿਨਾਹ ਕਾਲਜ ਫਾਰ ਵੂਮੈਨ ਤੋਂ ਬੈਚਲਰਸ ਡਿਗਰੀ ਹਾਸਲ ਕਰ ਚੁੱਕੀ ਹੈ। ਉਨ੍ਹਾਂ ਨੇ 2006 ਵਿਚ ਇਕ ਸ਼ੋਅ ਹੋਸਟ ਕਰਕੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ।
ਉਨ੍ਹਾਂ ਨੇ ਇਮਰਾਨ ਦੀ ਸਿਆਸਤ ਤੇ ਉਨ੍ਹਾਂ ਦੇ ਚਰਿੱਤਰ ਨੂੰ ਲੈ ਕੇ ਕਈ ਵਿਵਾਦਿਤ ਬਿਆਨ ਦਿੱਤੇ। ਰੇਹਮ ਵੱਲੋਂ ਇਮਰਾਨ ਖਾਨ ਨੂੰ ਲੈ ਕੇ ਕਈ ਇਤਰਾਜ਼ਯੋਗ ਦਾਅਵੇ ਵੀ ਕੀਤੇ ਗਏ ਸਨ। ਉਨ੍ਹਾਂ ਨੇ ਇਕ ਇੰਟਰਵਿਊ ਵਿਚ ਕਿਹਾ ਸੀ ਕਿ ਇਮਰਾਨ ਇਕ ਅਜਿਹੇ ਸ਼ਖਸ ਹਨ, ਜੋ ਸਿਰਫ ਆਪਣੀ ਖੁਸ਼ਾਮਦ ਕਰਵਾਉਣਾ ਚਾਹੁੰਦੇ ਹਨ, ਉਹ ਬਹੁਤ ਹੰਕਾਰੀ ਹਨ, ਉਨ੍ਹਾਂ ਨੂੰ ਤਾਰੀਫਾਂ ਸੁਣਨਾ ਪਸੰਦ ਹੈ।