ਦਿੱਲੀ। ਰਾਜਧਾਨੀ ਦਿੱਲੀ ਵਿਚ 5 ਮਹੀਨੇ ਪਹਿਲਾਂ ਹੋਏ 26 ਸਾਲਾ ਲੜਕੀ ਦੇ ਕਤਲ ਮਾਮਲੇ ਵਿਚ ਆਰੋਪੀ ਨੌਜਵਾਨ ਨੇ ਕਈ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਹਨ। ਆਰੋਪੀ ਆਫਤਾਬ ਨੇ ਪੁਲਿਸ ਨੂੰ ਦੱਸਿਆ ਕਿ ਕਿੰਝ ਉਸਨੇ ਆਪਣੀ ਲਿਵ-ਇਨ-ਪਾਰਟਨਰ ਦਾ ਕਤਲ ਕਰਕੇ ਉਸਦੇ 20 ਟੁੱਕੜੇ ਕੀਤੇ। ਫਿਰ ਲਾਸ਼ ਨੂੰ ਕਿੰਝ ਟਿਕਾਣੇ ਲਗਾਇਆ। ਪੁਲਿਸ ਨੇ ਹੁਣ ਤੱਕ ਕੁਝ ਹੱਡੀਆਂ ਵੀ ਬਰਾਮਦ ਕੀਤੀਆਂ ਹਨ।
ਜ਼ਿਕਰਯੋਗ ਹੈ ਕਿ ਦਿੱਲੀ ਪੁਲਿਸ ਨੇ ਸੋਮਵਾਰ ਨੂੰ ਇਸ ਕਤਲਕਾਂਡ ਦਾ ਖੁਲਾਸਾ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਆਫਤਾਬ ਅਮੀਨ ਪੂਨਾਵਾਲਾ ਨਾਂ ਦਾ ਸ਼ਖਸ ਵਿਆਹ ਦਾ ਝਾਂਸਾ ਦੇ ਕੇ ਕਾਲ ਸੈਂਟਰ ਵਿਚ ਕੰਮ ਕਰਨ ਵਾਲੀ ਮਹਿਲਾ ਕੁਲੀਗ ਸ਼ਰਧਾ ਵਾਕਰ ਨੂੰ ਮੁੰਬਈ ਤੋਂ ਦਿੱਲੀ ਲੈ ਕੇ ਆਇਆ। ਜਦੋਂ ਸ਼ਰਧਾ ਨੇ ਵਿਆਹ ਦਾ ਜ਼ੋਰ ਪਾਇਆ ਤਾਂ ਆਫਤਾਬ ਨੇ ਉਸਦਾ ਕਤਲ ਕਰ ਦਿੱਤਾ।
ਆਰੋਪੀ ਨੇ ਪੁਲਿਸ ਨੂੰ ਦੱਸਿਆ ਕਿ 18 ਮਈ ਨੂੰ ਦੋਵਾਂ ਵਿਚਾਲੇ ਵਿਆਹ ਨੂੰ ਲੈ ਕੇ ਲੜਾਈ ਹੋਈ ਸੀ, ਜਿਸਦੇ ਬਾਅਦ ਉਸਨੇ ਫਲੈਟ ਦੇ ਅੰਦਰ ਪਹਿਲਾਂ ਹੀ ਰੱਖੇ ਤੇਜ਼ਧਾਰ ਹਥਿਆਰ ਨਾਲ ਸ਼ਰਧਾ ਦਾ ਕਤਲ ਕਰ ਦਿੱਤਾ । ਫਿਰ ਆਰੀ ਨਾਲ ਉਸਦੇ ਹੱਥ ਦੇ 3 ਟੁੱਕੜੇ ਕੀਤੇ। ਇਸਦੇ ਬਾਅਦ ਪੈਰਾਂ ਦੇ ਵੀ 3 ਟੁੱਕੜੇ ਕੀਤੇ। ਅਜਿਹਾ ਕਰਕੇ ਪੂਰੀ ਬੌਡੀ ਦੇ 20 ਟੁੱਕੜੇ ਕੀਤੇ।
ਹੁਣ ਲਾਸ਼ ਨੂੰ ਟਿਕਾਣੇ ਕਿੱਦਾਂ ਲਗਾਇਆ ਜਾਵੇ, ਇਸਦੇ ਲਈ ਉਸਨੇ ਪਲਾਨ ਬਣਾਇਆ। ਰੋਜ਼ ਉਹ ਬੈਗ ਵਿਚ ਲਾਸ਼ ਦੇ ਕੁਝ ਟੁੱਕੜੇ ਲੈ ਕੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਜਾਂਦਾ ਤੇ ਟਿਕਾਣੇ ਲਗਾ ਦਿੰਦਾ। ਉਸਨੂੰ ਲੱਗਦਾ ਸੀ ਕਿ ਉਸਨੂੰ ਕੋਈ ਫੜ ਨਹੀਂ ਸਕੇਗਾ। ਆਰੋਪੀ ਨੇ ਪੁਲਿਸ ਨੂੰ ਉਨ੍ਹਾਂ ਟਿਕਾਣਿਆਂ ਬਾਰੇ ਵੀ ਦੱਸਿਆ ਜਿਥੇ ਸ਼ਰਧਾ ਨੂੰ ਮਾਰਨ ਦੇ ਬਾਅਦ ਉਸਦੇ ਸਰੀਰ ਦੇ ਹਿੱਸੇ ਸੁੱਟੇ ਸਨ। ਪੁਲਿਸ ਨੇ ਇਕ-ਦੋ ਥਾਵਾਂ ਤੋਂ ਕੁਝ ਹੱਡੀਆਂ ਵੀ ਬਰਾਮਦ ਕੀਤੀਆਂ ਹਨ। ਬਾਕੀ ਟਿਕਾਣਿਆਂ ਉਤੇ ਪੁਲਿਸ ਜਾਂਚ ਕਰ ਰਹੀ ਹੈ।
ਇਹ ਸੀ ਪੂਰਾ ਮਾਮਲਾ
59 ਸਾਲਾ ਵਿਕਾਸ ਮਦਾਨ ਵਾਕਰ ਨੇ 8 ਨਵੰਬਰ ਨੂੰ ਆਪਣੀ ਬੇਟੀ ਦੇ ਅਗਵਾ ਦੀ ਐਫਆਈਆਰ ਦਿੱਲੀ ਦੇ ਮਹਾਰੌਲੀ ਥਾਣੇ ਵਿਚ ਦਰਜ ਕਰਵਾਈ ਸੀ। ਉਨ੍ਹਾਂ ਨੇ ਦੱਸਿਆ ਕਿ ਉਹ ਪਰਿਵਾਰ ਸਣੇ ਮਹਾਰਾਸ਼ਟਰ ਦੇ ਪਾਲਘਰ ਵਿਚ ਰਹਿੰਦੇ ਹਨ। ਪੀੜਤ ਦੀ 26 ਸਾਲਾ ਬੇਟੀ ਸ਼ਰਧਾ ਵਾਕਰ ਮੁੰਬਈ ਦੇ ਮਲਾਡ ਇਲਾਕੇ ਵਿਚ ਸਥਿਤ ਮਲਟੀ ਨੈਸ਼ਨਲ ਕੰਪਨੀ ਦੇ ਕਾਲ ਸੈਂਟਰ ਵਿਚ ਨੌਕਰੀ ਕਰਦੀ ਸੀ। ਉਥੇ ਹੀ ਸ਼ਰਧਾ ਦੀ ਮੁਲਾਕਾਤ ਆਫਤਾਬ ਅਮੀਨ ਨਾਲ ਹੋਈ ਸੀ। ਜਲਦੀ ਹੀ ਦੋਵੇਂ ਇਕ ਦੂਜੇ ਨੂੰ ਪਸੰਦ ਕਰਨ ਲੱਗੇ ਤੇ ਫਿਰ ਲਿਵ-ਇਨ ਵਿਚ ਰਹਿਣ ਲੱਗੇ। ਫਿਰ ਪਰਿਵਾਰ ਦੇ ਵਿਰੋਧ ਪਿੱਛੋਂ ਉਹ ਦੋਵੇਂ ਦਿੱਲੀ ਚਲੇ ਗਏ। ਜਿਥੇ ਸ਼ਰਧਾ ਵਲੋਂ ਵਿਆਹ ਲਈ ਜ਼ੋਰ ਪਾਉਣ ਉਤੇ ਆਫਤਾਬ ਨੇ ਉਸਦਾ ਕਤਲ ਕਰ ਦਿੱਤਾ।
ਵਿਆਹ ਨੂੰ ਲੈ ਕੇ ਹੁੰਦੇ ਸਨ ਝਗੜੇ
ਪੁਲਿਸ ਨੇ ਟੈਕਨੀਕਲ ਸਰਵੀਲੈਂਸ ਨਾਲ ਸ਼ਨੀਵਾਰ ਨੂੰ ਆਫਤਾਬ ਨੂੰ ਲੱਭ ਲਿਆ। ਆਫਤਾਬ ਨੇ ਪੁੱਛਗਿਛ ਵਿਚ ਦੱਸਿਆ ਕਿ ਦੋਵਾਂ ਵਿਚਾਲੇ ਵਿਆਹ ਨੂੰ ਲੈ ਕੇ ਅਕਸਰ ਝਗੜੇ ਹੁੰਦੇ ਸਨ। ਸ਼ਰਧਾ ਉਸ ਉਤੇ ਵਿਆਹ ਲਈ ਦਬਾਅ ਬਣਾਉਂਦੀ ਸੀ। ਇਸ ਲਈ ਉਸਨੇ 18 ਮਈ ਨੂੰ ਸ਼ਰਧਾ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ।