ਘੁਮਾਣ/ਬਟਾਲਾ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। 13 ਸਾਲਾਂ ਤੋਂ ਇਟਲੀ ਵਿਚ ਰਹਿ ਰਹੇ ਨੌਜਵਾਨ ਦੀ ਸੱਟ ਲੱਗਣ ਨਾਲ ਮੌਤ ਹੋ ਗਈ। ਸੱਟ ਲੱਗਣ ਦੇ ਕਾਰਨਾਂ ਦੀ ਪੁਸ਼ਟੀ ਨਹੀਂ ਹੋ ਸਕੀ। ਮ੍ਰਿਤਕ ਕਮਲਜੀਤ ਸਿੰਘ (40) ਦੇ ਪਿਤਾ ਬਲਦੇਵ ਸਿੰਘ ਪਿੰਡ ਘੁਮਾਣ ਨੇ ਦੱਸਿਆ ਕਿ ਉਸ ਦਾ ਪੁੱਤਰ ਕਮਲਜੀਤ ਸਿੰਘ 13 ਸਾਲਾਂ ਤੋਂ ਇਟਲੀ ’ਚ ਰਹਿ ਰਿਹਾ ਹੈ।
ਖਬਰ ਸੁਣਨ ਤੋਂ ਬਾਅਦ ਪਰਿਵਾਰ ਦਾ ਬੁਰਾ ਹਾਲ ਹੈ। ਉਨ੍ਹਾਂ ਦੱਸਿਆ ਕਿ ਕਮਲਜੀਤ ਇਟਲੀ ਦੇ ਲੋਕਰੀ ਸ਼ਹਿਰ ਵਿਚ ਰਹਿ ਰਿਹਾ ਸੀ ਅਤੇ ਐਤਵਾਰ ਦੁਪਹਿਰ 2.30 ਵਜੇ ਉਸ ਦੇ ਦੋਸਤ ਨੇ ਫੋਨ ਕੀਤਾ ਕਿ ਕਮਲਜੀਤ ਨੂੰ ਸੱਟ ਲੱਗਣ ਕਾਰਨ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਹਾਲੇ ਤੱਕ ਸੱਟ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਬਲਦੇਵ ਸਿੰਘ ਨੇ ਕੇਂਦਰ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਸ ਦੇ ਪੁੱਤਰ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਂਦਾ ਜਾਵੇ ਤਾਂ ਜੋ ਸਸਕਾਰ ਕੀਤਾ ਜਾ ਸਕੇ।







































