ਚੰਡੀਗੜ੍ਹ, 29 ਦਸੰਬਰ | ਵਿਦੇਸ਼ ਤੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਕੈਨੇਡਾ ਵਿਚ ਵਾਪਰੇ ਸੜਕ ਹਾਦਸੇ ਵਿਚ 26 ਸਾਲ ਦੇ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਜਦਕਿ 2 ਨੌਜਵਾਨ ਜ਼ਖ਼ਮੀ ਦੱਸੇ ਜਾ ਰਹੇ ਹਨ। ਜਾਣਕਾਰੀ ਅਨੁਸਾਰ ਇਹ ਹਾਦਸਾ ਕੈਨੇਡਾ ਦੇ ਨਿਊਬਰੰਸਵਿਕ ਸੂਬੇ ਦੇ ਸੇਂਟ ਐਨੀ ਡੀ ਮਡਵਸਥਾ ਨੇੜੇ ਹਾਈਵੇ ਨੰਬਰ 2 ‘ਤੇ ਵਾਪਰਿਆ। ਮ੍ਰਿਤਕ ਦੀ ਪਛਾਣ ਹਰਵਿੰਦਰ ਸਿੰਘ ਵਜੋਂ ਹੋਈ ਹੈ।
ਹਰਵਿੰਦਰ ਸਿੰਘ ਤੇ 2 ਹੋਰ ਨੌਜਵਾਨ ਕਾਰ ਵਿਚ ਮਾਂਟਰੀਅਲ ਤੋਂ ਫਰੈਂਡਰਿਕਸ਼ਨ ਵੱਲ ਜਾ ਰਹੇ ਸਨ। ਇਸ ਦੌਰਾਨ ਸੇਂਟ ਐਨੀ ਡੀ ਮਡਵਸਕਾ ਨੇੜੇ ਉਨ੍ਹਾਂ ਦੀ ਕਾਰ ਹਾਦਸਾਗ੍ਰਸਤ ਹੋ ਗਈ। ਗੰਭੀਰ ਸੱਟਾਂ ਲੱਗਣ ਕਾਰਨ ਕਾਰ ਵਿਚ ਬੈਠੇ ਹਰਵਿੰਦਰ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਕਾਰ ਚਾਲਕ ਤੇ ਕਾਰ ਵਿਚ ਸਵਾਰ ਇਕ ਹੋਰ ਨੌਜਵਾਨ ਜ਼ਖ਼ਮੀ ਹੋ ਗਿਆ, ਜਿਨ੍ਹਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਜ਼ਖ਼ਮੀ ਨੌਜਵਾਨਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।