ਚੰਡੀਗੜ੍ਹ | ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸੂਬੇ ਵਿਚ ਚੱਲ ਰਹੇ ਵਿਕਾਸ ਕਾਰਜਾਂ ਦੇ ਮਿਆਰ ਨੂੰ ਤੈਅ ਮਾਪਦੰਡਾਂ ਅਨੁਸਾਰ ਯਕੀਨੀ ਬਣਾਉਣ ਲਈ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਸੇ ਕਾਰਨ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਜਨਤਕ ਕੰਮਾਂ ਦੀ ਮਿਆਰ ਸੁਧਾਰਨ ਦੇ ਮੰਤਵ ਨਾਲ ਟੰਗੋਰੀ ਵਿਖੇ ਹੌਟ-ਮਿਕਸ ਪਲਾਂਟ ਦਾ ਦੌਰਾ ਕੀਤਾ ਅਤੇ ਪਲਾਂਟ ਦੀ ਕਾਰਜ ਪ੍ਰਣਾਲੀ ਦਾ ਜਾਇਜ਼ਾ ਲਿਆ। ਇਸ ਦੌਰਾਨ ਲੋਕ ਨਿਰਮਾਣ ਵਿਭਾਗ ਦੇ ਉੱਚ ਅਧਿਕਾਰੀ ਵੀ ਮੌਜੂਦ ਸਨ।
ਲੋਕ ਨਿਰਮਾਣ ਮੰਤਰੀ ਨੇ ਕੰਮਾਂ ਦੇ ਮਿਆਰ ਵਿਚ ਸੁਧਾਰ ਲਿਆਉਣ ਲਈ ਵਧੀਆਂ ਸਪੈਸੀਫੀਕੇਸ਼ਨਾਂ ਨੂੰ ਇਸਤੇਮਾਲ ਲਈ ਸੁਝਾਅ ਦਿੱਤੇ।
ਉਨ੍ਹਾਂ ਨੇ ਕੰਮਾਂ ਦੀ ਲਾਗਤ ਨੂੰ ਘੱਟ ਕਰਨ ਲਈ ਰੀਸਾਈਕਲਿੰਗ ਦੀ ਵੱਧ ਤੋਂ ਵੱਧ ਵਰਤੋਂ ਕਰਨ ਲਈ ਵੀ ਅਧਿਕਾਰੀਆਂ ਨੂੰ ਸੇਧ ਪ੍ਰਦਾਨ ਕੀਤੀ। ਉਨ੍ਹਾਂ ਨੇ ਪਲਾਂਟ ਤੇ ਮੌਜੂਦਾ ਲੈਬਾਰਟਰੀ ਦਾ ਵੀ ਜਾਇਜ਼ਾ ਲਿਆ ।
ਇਸ ਮੌਕੇ ਗੱਲਬਾਤ ਕਰਦਿਆਂ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਸਰਕਾਰ ਵੱਲੋਂ ਵਿਕਾਸ ਕਾਰਜਾਂ ਲਈ ਜਾਰੀ ਕੀਤੇ ਜਾਂਦੇ ਫੰਡ ਲੋਕਾਂ ਦਾ ਪੈਸਾ ਹੈ ਅਤੇ ਇਸ ਦੀ ਪਾਰਦਰਸ਼ੀ ਤਰੀਕਿਆਂ ਨਾਲ ਵਰਤੋਂ ਕਰਕੇ ਮਿਆਰੀ ਵਿਕਾਸ ਕਾਰਜ ਯਕੀਨੀ ਬਣਾਏ ਜਾਣ। ਮੰਤਰੀ ਨੇ ਹੁਕਮ ਜਾਰੀ ਕੀਤੇ ਕਿ ਸੂਬੇ ਵਿਚ ਸੜਕਾਂ ਦੀ ਰਿਪੇਅਰ ਅਤੇ ਨਵੀਆਂ ਬਣ ਰਹੀਆਂ ਸੜਕਾਂ ਦੇ ਮਿਆਰ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਲਾਪਰਵਾਹੀ ਕਰਨ ਵਾਲੇ ਕਿਸੇ ਵੀ ਅਧਿਕਾਰੀ ਜਾਂ ਠੇਕੇਦਾਰ ਨੂੰ ਬਖਸ਼ਿਆ ਨਹੀਂ ਜਾਵੇਗਾ।