ਮਾਨਸਾ | ਸਿੱਧੂ ਮੂਸੇਵਾਲਾ ਕਤਲ ਕੇਸ ਦੀ ਸੁਣਵਾਈ ਦੌਰਾਨ ਇਕ ਵੀ ਦੋਸ਼ੀ ਅਦਾਲਤ ਵਿਚ ਪੇਸ਼ ਨਾ ਕੀਤੇ ਜਾਣ ਤੋਂ ਬਾਅਦ ਮਾਨਸਾ ਦੀ ਮੁੱਖ ਨਿਆਇਕ ਮੈਜਿਸਟ੍ਰੇਟ (CJM) ਨੇ ਜੇਲ੍ਹ ਪ੍ਰਸ਼ਾਸਨ ਨੂੰ ਸਾਰੇ ਦੋਸ਼ੀਆਂ ਨੂੰ 28 ਜੂਨ ਨੂੰ ਨਿੱਜੀ ਤੌਰ ‘ਤੇ ਜਾਂ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ਵਿਚ ਪੇਸ਼ ਕੀਤੇ ਜਾਣ ਦੇ ਹੁਕਮ ਜਾਰੀ ਕੀਤੇ ਹਨ।
ਰਿਪੋਰਟ ਮੁਤਾਬਕ ਮੂਸੇਵਾਲਾ ਕਤਲ ਕੇਸ ਦੀ ਸੁਣਵਾਈ ਕਰਦਿਆਂ ਮਾਨਸਾ ਦੇ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਸੁਰਭੀ ਪਰਾਸ਼ਰ ਨੇ ਕਿਹਾ ਕਿ ਇਨ੍ਹਾਂ ਮੁਲਜ਼ਮਾਂ ਦੇ ਵਾਰੰਟ 28 ਜੂਨ ਨੂੰ ਮੁੜ ਜਾਰੀ ਕੀਤੇ ਜਾਣਗੇ ਅਤੇ ਜੇਲ੍ਹ ਸੁਪਰਡੈਂਟਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਇਨ੍ਹਾਂ ਨੂੰ ਨਿੱਜੀ ਤੌਰ ‘ਤੇ ਪੇਸ਼ ਕਰਨ।

SIT ਨੇ ਗੈਂਗਸਟਰਾਂ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਅਤੇ ਜੱਗੂ ਭਗਵਾਨਪੁਰੀਆ ਸਮੇਤ 31 ਮੁਲਜ਼ਮਾਂ ਖ਼ਿਲਾਫ਼ 2 ਚਾਰਜਸ਼ੀਟਾਂ ਦਾਖ਼ਲ ਕੀਤੀਆਂ ਹਨ। ਇਸ ਵਿਚ ਦਾਅਵਾ ਕੀਤਾ ਗਿਆ ਸੀ ਕਿ ਇਹ ਕਤਲ ਬਿਸ਼ਨੋਈ ਅਤੇ ਬੰਬੀਹਾ ਗੈਂਗ ਵਿਚਕਾਰ ਗੈਂਗਵਾਰ ਦਾ ਹਿੱਸਾ ਸੀ।
ਮੂਸੇਵਾਲਾ ਕਤਲਕਾਂਡ ਵਿਚ ਪੰਜਾਬ ਪੁਲਿਸ ਵੱਲੋਂ ਚਾਰਜਸ਼ੀਟ ਦਾਇਰ ਕੀਤੇ ਨੂੰ 9 ਮਹੀਨੇ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ ਪਰ ਅਦਾਲਤ ਵੱਲੋਂ ਅਜੇ ਤੱਕ ਮੁਲਜ਼ਮਾਂ ਖ਼ਿਲਾਫ਼ ਦੋਸ਼ ਆਇਦ ਕੀਤੇ ਜਾਣੇ ਹਨ ਕਿਉਂਕਿ ਅਧਿਕਾਰੀਆਂ ਲਈ ਵੀਡੀਓ ਕਾਨਫਰੰਸਿੰਗ ਰਾਹੀਂ ਸਾਰਿਆਂ ਨੂੰ ਇਕੱਠੇ ਪੇਸ਼ ਕਰਨਾ ਚੁਣੌਤੀ ਬਣਿਆ ਹੋਇਆ ਹੈ।
ਗੋਲਡੀ ਬਰਾੜ, ਲਿਪਿਨ ਨਹਿਰਾ, ਅਨਮੋਲ ਬਿਸ਼ਨੋਈ, ਲਾਰੈਂਸ ਬਿਸ਼ਨੋਈ ਦੇ ਭਰਾ ਅਤੇ ਉਸ ਦਾ ਭਤੀਜਾ ਸਚਿਨ ਬਿਸ਼ਨੋਈ ਥਾਪਨ ਵਿਦੇਸ਼ ਵਿੱਚ ਹਨ। ਬਿਸ਼ਨੋਈ ਨੂੰ ਹਾਲ ਹੀ ਵਿੱਚ ਬਠਿੰਡਾ ਜੇਲ੍ਹ ਵਿੱਚ ਤਬਦੀਲ ਕੀਤਾ ਗਿਆ ਹੈ, ਜਦੋਂਕਿ ਦੋ ਮੁਲਜ਼ਮ ਜਗਦੀਪ ਰੂਪਾ ਅਤੇ ਮਨਪ੍ਰੀਤ ਅੰਮ੍ਰਿਤਸਰ ਵਿੱਚ ਪੁਲਿਸ ਮੁਕਾਬਲੇ ਵਿੱਚ ਮਾਰੇ ਗਏ। ਜ਼ਿਕਰਯੋਗ ਹੈ ਕਿ 29 ਮਈ 2022 ਨੂੰ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਵਿੱਚ ਹਮਲਾਵਰਾਂ ਨੇ ਮੂਸੇਵਾਲਾ ਦੀ ਕਾਰ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ।
ਹੁਣ ਤੱਕ ਦੀ ਸੁਣਵਾਈ ਦੌਰਾਨ ਪੁਲਿਸ ਇਕ ਸਮੇਂ ਵਿਚ ਸਿਰਫ਼ 6 ਮੁਲਜ਼ਮਾਂ ਨੂੰ ਹੀ ਪੇਸ਼ ਕਰ ਸਕੀ ਹੈ ਜਦੋਂਕਿ ਬਿਸ਼ਨੋਈ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਸੁਣਵਾਈ ਦੌਰਾਨ ਸਿਰਫ਼ ਇੱਕ ਵਾਰ ਅਦਾਲਤ ਵਿਚ ਪੇਸ਼ ਕੀਤਾ ਗਿਆ ਹੈ। ਕੁੱਲ 31 ਮੁਲਜ਼ਮਾਂ ਵਿੱਚੋਂ ਪੁਲਿਸ ਨੇ 27 ਨੂੰ ਗ੍ਰਿਫ਼ਤਾਰ ਕਰ ਲਿਆ ਪਰ ਇਨ੍ਹਾਂ ਵਿੱਚੋਂ ਦੋ ਮਨਦੀਪ ਸਿੰਘ ਅਤੇ ਮਨਮੋਹਨ ਸਿੰਘ ਤਰਨਤਾਰਨ ਜ਼ਿਲ੍ਹੇ ਦੀ ਗੋਇੰਦਵਾਲ ਜੇਲ੍ਹ ਵਿੱਚ ਝੜਪ ਦੌਰਾਨ ਮਾਰੇ ਗਏ।