ਜਲੰਧਰ | ਆਲ ਇੰਡੀਆ ਮੈਡੀਕਲ ਐਸੋਸੀਏਸ਼ਨ ਨੇ ਦੇਸ਼ ਭਰ ਵਿੱਚ ਸਵੇਰੇ 6 ਵਜੇ ਤੋਂ ਸ਼ਾਮ 6 ਵਜੇ ਤੱਕ ਸਿਹਤ ਸਹੂਲਤਾਂ ਠੱਪ ਰੱਖਣ ਦੇ ਦਿੱਤੇ ਗਏ ਸੱਦੇ ਤਹਿਤ ਜਲੰਧਰ ਦੇ ਡਾਕਟਰ ਹੜਤਾਲ ਕੀਤੀ ਹੈ। ਠੱਪ ਰੱਖੀਆਂ ਗਈਆਂ ਸਿਹਤ ਸਹੂਲਤਾਂ ਵਿੱਚ ਐਮਰਜੈਂਸੀ ਸੇਵਾਵਾਂ ਨੂੰ ਛੋਟ ਦਿੱਤੀ ਗਈ ਸੀ। ਆਈਐੱਮਏ ਪੰਜਾਬ ਦੇ ਪ੍ਰਧਾਨ ਡਾ. ਨਵਜੋਤ ਸਿੰਘ ਦਾਹੀਆ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਆਯੁਰਵੈਦ ਦੇ ਵਿਦਿਆਰਥੀਆਂ ਨੂੰ ਵੀ ਸਰਜਰੀ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ, ਇਸੇ ਕਰ ਕੇ ਆਈਐੱਮਏ ਨਾਲ ਸਬੰਧਤ ਡਾਕਟਰ ਕੇਂਦਰ ਦੇ ਫ਼ੈਸਲੇ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਆਰਡੀਨੈਂਸ ਵਿਚ ਆਯੁਰਵੈਦ ਦੇ ਵਿਦਿਆਰਥੀਆਂ ਨੂੰ ਨੱਕ, ਕੰਨ, ਗਲੇ ਵਰਗੀਆਂ 58 ਤਰ੍ਹਾਂ ਦੀਆਂ ਆਮ ਸਰਜਰੀਆਂ ਕਰਨ ਦੀ ਆਗਿਆ ਦੇ ਦਿੱਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਇਸ ਦੇ ਰੋਸ ਵਿਚ ਅੱਜ ਪੰਜਾਬ ਭਰ ’ਚ ਕਲੀਨੀਕਲ, ਓਪੀਡੀ ਤੇ ਸਰਜਰੀ ਆਦਿ ਦੀਆਂ ਸੇਵਾਵਾਂ ਬੰਦ ਰੱਖੀਆਂ ਗਈਆਂ ਸਨ। ਡਾਕਟਰਾਂ ਵੱਲੋਂ ਕੀਤੀ ਗਈ ਹੜਤਾਲ ਕਾਰਨ ਮਰੀਜ਼ਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸੇ ਤਰ੍ਹਾਂ ਪਟਿਆਲਾ ਵਿਚ ਵੀ ਕੇਂਦਰ ਸਰਕਾਰ ਵੱਲੋਂ ਆਯੁਰਵੈਦਿਕ ਡਾਕਟਰਾਂ ਨੂੰ 58 ਸਰਜਰੀਆਂ ਦੇ ਅਪਰੇਸ਼ਨ ਦਾ ਅਧਿਕਾਰ ਦੇਣ ਖ਼ਿਲਾਫ਼ ਆਈਐਮਏ ਦੀ ਅਗਵਾਈ ਹੇਠ ਸਰਕਾਰੀ ਤੇ ਪ੍ਰਾਈਵੇਟ ਡਾਕਟਰਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਇੱਥੇ ਸਰਕਾਰੀ ਮੈਡੀਕਲ ਕਾਲਜ ਦੇ ਬਾਹਰ ਇਕੱਠੇ ਹੋਏ ਡਾਕਟਰ ਭਾਈਚਾਰੇ ਨੇ ਸਰਕਾਰ ਦੇ ਇਨ੍ਹਾਂ ਫ਼ੈਸਲਿਆਂ ਖ਼ਿਲਾਫ਼ ਲਿਖੀਆਂ ਤਖ਼ਤੀਆਂ ਅਤੇ ਬੈਨਰਾਂ ਸਮੇਤ ਫੁਹਾਰਾ ਚੌਕ ਤੱਕ ਰੋਸ ਮਾਰਚ ਕੀਤਾ।
ਡਾਕਟਰਾਂ ਨੇ ਫੁਹਾਰਾ ਚੌਕ ’ਤੇ ਧਰਨਾ ਵੀ ਦਿੱਤਾ। ਦੂਜੇ ਪਾਸੇ ਪ੍ਰਾਈਵੇਟ ਡਾਕਟਰਾਂ ਨੇ ਆਪੋ-ਆਪਣੇ ਹਸਪਤਾਲਾਂ ਵਿੱਚ ਦਿਨ ਭਰ ਓਪੀਡੀ ਸੇਵਾਵਾਂ ਠੱਪ ਰੱਖੀਆਂ ਜਿਸ ਕਾਰਨ ਮਰੀਜ਼ਾਂ ਨੂੰ ਪ੍ਰੇਸ਼ਾਨੀ ਝੱਲਣੀ ਪਈ। ਆਈਐੱਮਏ ਦੇ ਸਾਬਕਾ ਸੂਬਾਈ ਪ੍ਰਧਾਨ ਡਾ. ਜਤਿੰਦਰ ਕਾਂਸਲ, ਪਟਿਆਲਾ ਯੂਨਿਟ ਦੇ ਪ੍ਰਧਾਨ ਡਾ. ਅਜਾਤ ਸ਼ਤਰੂ ਕਪੂਰ ਤੇ ਹੋਰਾਂ ਨੇ ਕਿਹਾ ਕਿ ਸੂਚੀਬੱਧ ਸਰਜਰੀਆਂ ਵਿੱਚ ਜਨਰਲ ਸਰਜਰੀ, ਆਰਥੋਪੀਡਿਕ, ਕੰਨ, ਨੱਕ, ਗਲ ਅਤੇ ਦੰਦਾਂ ਦੀਆਂ ਸਰਜਰੀਆਂ ਵੀ ਸ਼ਾਮਲ ਹਨ। ਫ਼ੈਸਲੇ ਦੀ ਆਲੋਚਨਾ ਕਰਦਿਆਂ ਆਈਐਮਏ ਦੇ ਅਹੁਦੇਦਾਰਾਂ ਨੇ ਅਜਿਹੀਆਂ ਗੁੰਝਲਦਾਰ ਸਰਜਰੀਆਂ ਕਰਨ ਲਈ ਆਯੁਰਵੈਦ ਡਾਕਟਰਾਂ ਦੀ ਸਮਰੱਥਾ ਉੱਤੇ ਸਵਾਲ ਵੀ ਚੁੱਕੇ। ਉਨ੍ਹਾਂ ਇਸ ਨੂੰ ‘ਮਿਕਸੋਪੈਥੀ’ (ਘਾਲੇ-ਮਾਲੇ) ਦਾ ਨਾਮ ਦਿੰਦਿਆਂ, ਕਿਹਾ ਕਿ ਇਹ ਆਧੁਨਿਕ ਮੈਡੀਸਨ ਅਤੇ ਆਯੁਰਵੈਦ ਦਾ ਰਲੇਵਾਂ ਕਰਨ ਦੀ ਕੋਸ਼ਿਸ਼ ਹੈ।