ਖੇਡਦਿਆਂ-ਖੇਡਦਿਆਂ ਮੌਤ ਦੇ ਮੂੰਹ ‘ਚ ਗਈ ਡੇਢ ਸਾਲ ਦੀ ਮਾਸੂਮ ਬੱਚੀ, ਪਰਿਵਾਰ ਦੇ ਪੈਰਾਂ ਥੱਲੋਂ ਖਿਸਕੀ ਜ਼ਮੀਨ

0
248

 ਲੁਧਿਆਣਾ, 20 ਨਵੰਬਰ | ਮੰਗਲਵਾਰ ਨੂੰ ਇੱਕ ਡੇਢ ਸਾਲ ਦੀ ਬੱਚੀ ਦੀ ਲੋਹੇ ਦੇ ਭਾਰੀ ਦਰਵਾਜ਼ੇ ਹੇਠਾਂ ਦੱਬਣ ਨਾਲ ਮੌਤ ਹੋ ਗਈ। ਹਾਦਸੇ ਦੇ ਸਮੇਂ ਲੜਕੀ ਘਰ ਦੇ ਅੰਦਰ ਖੇਡ ਰਹੀ ਸੀ। ਇਹ ਘਟਨਾ ਘਰ ਵਿਚ ਲੱਗੇ ਸੀਸੀਟੀਵੀ ਕੈਮਰੇ ਵਿਚ ਵੀ ਕੈਦ ਹੋ ਗਈ।ਮ੍ਰਿਤਕ ਲੜਕੀ ਦੀ ਪਛਾਣ ਬਾਣੀ ਕੌਰ ਵਜੋਂ ਹੋਈ ਹੈ। ਉਸ ਦੇ ਪਿਤਾ ਦਰਸ਼ਨ ਸਿੰਘ ਅਮਰੀਕਾ ਰਹਿੰਦੇ ਹਨ। ਲੜਕੀ ਆਪਣੀ ਦਾਦੀ ਗੁਰਦੇਵ ਕੌਰ ਨਾਲ ਰਹਿੰਦੀ ਸੀ। ਇਹ ਘਟਨਾ ਮਾਛੀਵਾੜਾ ਦੇ ਪਿੰਡ ਹਯਾਤਪੁਰ ਵਿਚ ਸਾਹਮਣੇ ਆਈ ਹੈ।

ਲੜਕੀ ਦੀ ਦਾਦੀ ਗੁਰਦੇਵ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਵਿਚ ਉਸਾਰੀ ਦਾ ਕੰਮ ਚੱਲ ਰਿਹਾ ਹੈ। ਟਾਈਲਾਂ ਲਗਾਈਆਂ ਜਾ ਰਹੀਆਂ ਹਨ, ਜਿਸ ਕਾਰਨ ਦਰਵਾਜ਼ੇ ਖੁੱਲ੍ਹੇ ਰੱਖੇ ਗਏ ਸਨ।

ਵਿਹੜੇ ਵਿਚ ਇੱਕ ਲੋਹੇ ਦਾ ਦਰਵਾਜ਼ਾ ਰੱਖਿਆ ਹੋਇਆ ਸੀ। ਕੁੜੀ ਵਿਹੜੇ ਵਿਚ ਖੇਡਦੀ ਹੋਈ ਦਰਵਾਜ਼ੇ ਉੱਤੇ ਚੜ੍ਹਨ ਲੱਗੀ। ਇਸ ਦੌਰਾਨ ਦਰਵਾਜ਼ਾ ਉਸ ‘ਤੇ ਡਿੱਗ ਪਿਆ। ਲੜਕੀ ਦੀਆਂ ਚੀਕਾਂ ਸੁਣ ਕੇ ਕੰਮ ਕਰ ਰਹੇ ਮਕੈਨਿਕ ਨੇ ਤੁਰੰਤ ਉਸ ਨੂੰ ਨੇੜੇ ਦੇ ਹਸਪਤਾਲ ਪਹੁੰਚਾਇਆ ਪਰ ਇੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਗੁਰਦੇਵ ਕੌਰ ਨੇ ਦੱਸਿਆ ਕਿ ਉਸ ਦੇ ਲੜਕੇ ਦਰਸ਼ਨ ਸਿੰਘ ਦਾ ਵਿਆਹ ਕਰੀਬ 3 ਸਾਲ ਪਹਿਲਾਂ ਹੋਇਆ ਸੀ। ਵਿਆਹ ਤੋਂ ਬਾਅਦ ਨੂੰਹ ਨੇ ਇਕ ਬੱਚੀ ਨੂੰ ਜਨਮ ਦਿੱਤਾ ਪਰ ਮਤਭੇਦ ਹੋਣ ਕਾਰਨ ਨੂੰਹ ਅਤੇ ਬੇਟੇ ਦਾ ਤਲਾਕ ਹੋ ਗਿਆ। ਉਸ ਦੇ ਲੜਕੇ ਨੇ ਲੜਕੀ ਨੂੰ ਆਪਣੇ ਕੋਲ ਰੱਖਿਆ ਹੋਇਆ ਸੀ। ਕੁਝ ਸਮਾਂ ਪਹਿਲਾਂ ਉਸ ਦਾ ਲੜਕਾ ਰੁਜ਼ਗਾਰ ਦੀ ਭਾਲ ਵਿਚ ਅਮਰੀਕਾ ਗਿਆ ਸੀ, ਜਿਸ ਕਾਰਨ ਉਹ ਬੱਚੇ ਦੀ ਦੇਖਭਾਲ ਕਰਦੀ ਸੀ।

ਥਾਣਾ ਮਾਛੀਵਾੜਾ ਸਾਹਿਬ ਦੇ ਐਸਐਚਓ ਪਵਿੱਤਰ ਸਿੰਘ ਨੇ ਦੱਸਿਆ ਕਿ ਘਟਨਾ ਦੀ ਸੱਚਾਈ ਸੀਸੀਟੀਵੀ ਰਾਹੀਂ ਸਾਹਮਣੇ ਆਈ ਹੈ। ਗੁਰਦੇਵ ਕੌਰ ਦੇ ਬਿਆਨ ਦਰਜ ਕਰ ਲਏ ਗਏ ਹਨ। ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)