ਸਹੇਲੀ ਦੇ ਕਹਿਣ ‘ਤੇ ਵਿਆਹੁਤਾ ਬੰਦੇ ਨੇ ਆਪਣੇ ਦੋ ਸਾਲਾ ਪੁੱਤ ਨੂੰ ਮਾਰ ਕੇ ਲਾਸ਼ ਨਾਲੇ ‘ਚ ਸੁੱਟੀ

0
751

ਮੁੰਬਈ| ਇੱਕ ਵਿਅਕਤੀ ਨੇ ਦੂਜਾ ਵਿਆਹ ਕਰਵਾਉਣ ਲਈ ਆਪਣੇ ਮਾਸੂਮ ਪੁੱਤਰ ਦਾ ਕਤਲ ਕਰ ਦਿੱਤਾ। ਇੰਨਾ ਹੀ ਨਹੀਂ ਸਬੂਤ ਛੁਪਾਉਣ ਲਈ ਉਸ ਨੇ ਬੱਚੇ ਦੀ ਲਾਸ਼ ਨੂੰ ਨਾਲੇ ‘ਚ ਸੁੱਟ ਦਿੱਤਾ। ਹਾਲਾਂਕਿ, ਪੁਲਿਸ ਨੇ ਕੁਝ ਦੇਰ ਬਾਅਦ ਹੀ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ।

ਪੁਲਸ ਨੇ ਦੱਸਿਆ ਕਿ 22 ਸਾਲਾ ਦੋਸ਼ੀ ਨੇ ਦੂਜਾ ਵਿਆਹ ਕਰਵਾਉਣ ਲਈ ਆਪਣੇ ਬੇਟੇ ਦਾ ਕਤਲ ਕਰ ਦਿੱਤਾ। ਕਿਉਂਕਿ ਜਿਸ ਔਰਤ ਨਾਲ ਉਸ ਦਾ ਪ੍ਰੇਮ ਸਬੰਧ ਚੱਲ ਰਿਹਾ ਸੀ, ਉਸ ਨੇ ਇਹ ਸ਼ਰਤ ਰੱਖੀ ਸੀ ਕਿ ਉਹ ਉਸ ਨਾਲ ਉਦੋਂ ਹੀ ਵਿਆਹ ਕਰੇਗੀ ਜਦੋਂ ਉਹ ਆਪਣੀ ਪਤਨੀ ਅਤੇ ਪੁੱਤਰ ਨੂੰ ਮਾਰ ਦੇਵੇਗਾ। ਇਸ ਤੋਂ ਬਾਅਦ ਉਸ ਨੇ ਬੱਚੇ ਨੂੰ ਮਾਰਨ ਦੀ ਯੋਜਨਾ ਬਣਾਈ।

ਪੁਲਿਸ ਨੇ ਦੱਸਿਆ ਕਿ ਸ਼ਾਹੂ ਨਗਰ ਪੁਲਿਸ ਸਟੇਸ਼ਨ ਦੇ ਸਟਾਫ਼ ਨੂੰ ਬੁੱਧਵਾਰ ਤੜਕੇ ਬੱਚੇ ਦੀ ਲਾਸ਼ ਕੇਮਕਰ ਚੌਂਕ ਨੇੜੇ ਮਹਿਮ-ਸਿਆਣ ਕਰੀਕ ਲਿੰਕ ਰੋਡ ‘ਤੇ ਮਿਲੀ। ਲਾਸ਼ ਪਲਾਸਟਿਕ ਦੇ ਬੈਗ ਵਿੱਚ ਸੀ। ਮ੍ਰਿਤਕ ਦੇ ਸਿਰ ਅਤੇ ਸੱਜੀ ਗੁੱਟ ਨੂੰ ਚੂਹਿਆਂ ਨੇ ਕੱਟ ਲਿਆ ਸੀ। ਇਸ ਤੋਂ ਪਹਿਲਾਂ ਮਾਸੂਮ ਦੀ ਪਛਾਣ ਨਹੀਂ ਹੋ ਸਕੀ ਸੀ। ਬਾਅਦ ਵਿੱਚ ਜਦੋਂ ਮਾਂ ਬੱਚੇ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਉਣ ਲਈ ਥਾਣੇ ਪਹੁੰਚੀ ਤਾਂ ਉਸ ਦੀ ਪਛਾਣ ਹੋ ਗਈ। ਇਸ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਬੱਚੇ ਦੇ ਰਿਸ਼ਤੇਦਾਰਾਂ ਤੋਂ ਪੁੱਛਗਿੱਛ ਦੌਰਾਨ ਪੁਲਸ ਨੂੰ ਪਤਾ ਲੱਗਾ ਕਿ ਉਸ ਦਾ ਪਿਤਾ ਧਾਰਾਵੀ ਦੀ ਝੁੱਗੀ ‘ਚ ਰਹਿੰਦਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਉਸ ਨੂੰ ਕਾਬੂ ਕਰ ਲਿਆ। ਮੁਲਜ਼ਮ ਇੱਕ ਕੱਪੜਾ ਫੈਕਟਰੀ ਵਿੱਚ ਦਰਜੀ ਦਾ ਕੰਮ ਕਰਦਾ ਹੈ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਉਹ ਆਪਣੇ ਲੜਕੇ ਨੂੰ ਚਾਕਲੇਟ ਦੇਣ ਦੇ ਬਹਾਨੇ ਲੈ ਗਿਆ ਅਤੇ ਉਸ ਦਾ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਇਸ ਤੋਂ ਬਾਅਦ ਉਸ ਨੇ ਬੱਚੇ ਦੀ ਲਾਸ਼ ਨੂੰ ਮਹਿਮ ਕਰੀਕ ਵਿੱਚ ਸੁੱਟ ਦਿੱਤਾ।