ਗੁਰੂ ਨਗਰੀ ‘ਚ ਗਣਤੰਤਰ ਦਿਵਸ ‘ਤੇ ਕਿਸਾਨਾਂ ਨੇ ਬੇਰੁਜ਼ਗਾਰੀ ‘ਤੇ ਘੇਰੀ ਸੂਬਾ ਤੇ ਕੇਂਦਰ ਸਰਕਾਰ, MSP ‘ਤੇ ਕਾਨੂੰਨ ਬਣਾਉਣ ਦੀ ਕੀਤੀ ਮੰਗ

0
640

ਅੰਮ੍ਰਿਤਸਰ | 74ਵੇਂ ਗਣਤੰਤਰ ਦਿਵਸ ਮੌਕੇ ਪੰਜਾਬ ਦੇ ਹਰ ਜ਼ਿਲ੍ਹੇ ਵਿਚ ਕਿਸਾਨਾਂ ਨੇ ਕੇਂਦਰ ਅਤੇ ਸੂਬਾ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤੇ। ਅੰਮ੍ਰਿਤਸਰ ਦੇ ਰਣਜੀਤ ਐਵੀਨਿਊ ਸਥਿਤ ਪ੍ਰਦਰਸ਼ਨੀ ਮੈਦਾਨ ਵਿਚ ਮਹਿਲਾ ਕਿਸਾਨ ਵੀ ਪਹੁੰਚੀਆਂ, ਜਿਸ ਵਿਚ ਸਾਰਿਆਂ ਨੇ ਇਕਜੁੱਟ ਹੋ ਕੇ ਵਾਤਾਵਰਨ ਨੂੰ ਬਚਾਉਣ, ਕਿਸਾਨਾਂ ਦੀ ਘੱਟੋ-ਘੱਟ ਸਮਰਥਨ ਮੁੱਲ ਗਾਰੰਟੀ ਕਾਨੂੰਨ ਅਤੇ ਬੇਰੁਜ਼ਗਾਰੀ ਵਰਗੇ ਮੁੱਦਿਆਂ ‘ਤੇ ਸਰਕਾਰ ਨੂੰ ਘੇਰਿਆ।

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਦੇਸ਼ ਦੇ ਸਿਆਸਤਦਾਨਾਂ ਨੇ ਪਿਛਲੇ 75 ਸਾਲਾਂ ਵਿਚ ਲੋਕਤੰਤਰ ਦੇ ਪਰਦੇ ਪਿੱਛੇ ਲੋਕਾਂ ਦੇ ਹੱਕਾਂ ਦਾ ਘਾਣ ਕੀਤਾ ਹੈ। ਦੇਸ਼ ਵਿਚ ਕਿਸੇ ਵੀ ਤਰ੍ਹਾਂ ਸੰਵਿਧਾਨ ਦਾ ਰਾਜ ਮਹਿਸੂਸ ਨਹੀਂ ਹੁੰਦਾ। ਅੱਜ ਦਫ਼ਤਰਾਂ ਵਿਚ ਡਾ. ਅੰਬੇਡਕਰ ਦੀ ਤਸਵੀਰ ਨੂੰ ਫੁੱਲਾਂ ਦੇ ਹਾਰ ਪਹਿਨਾਏ ਜਾਂਦੇ ਹਨ ਪਰ ਸੰਵਿਧਾਨ ਨੂੰ ਸ਼ਰੇਆਮ ਤੋੜਿਆ ਜਾ ਰਿਹਾ ਹੈ। ਇਸ ਦੌਰਾਨ ਲਖੀਮਪੁਰ ਖੇੜੀ ਕਤਲ ਕਾਂਡ ‘ਚ ਦੋਸ਼ੀ ਆਸ਼ੀਸ਼ ਮਿਸ਼ਰਾ ਨੂੰ ਜ਼ਮਾਨਤ ਮਿਲਣ ‘ਤੇ ਕਿਸਾਨਾਂ ਨੇ ਰੋਸ ਪ੍ਰਦਰਸ਼ਨ ਕੀਤਾ |


ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਭਾਰਤ ਦੇ ਲੋਕਾਂ ਦੀ ਹਾਲਤ ਵਿਗੜ ਚੁੱਕੀ ਹੈ। ਲੋਕਾਂ ਨੂੰ ਇਹ ਕਹਿ ਕੇ ਗੁੰਮਰਾਹ ਕੀਤਾ ਜਾ ਰਿਹਾ ਹੈ ਕਿ ਸਿਰਫ ਕਾਰਪੋਰੇਟ ਦਾ ਵਿਕਾਸ ਹੀ ਦੇਸ਼ ਦਾ ਵਿਕਾਸ ਹੈ ਪਰ ਹੁਣ ਲੋਕ ਜਾਗਰੂਕ ਹੋ ਗਏ ਹਨ ਅਤੇ ਹੁਣ ਸਰਕਾਰ ਨੂੰ ਜਨਤਾ ਦੇ ਹੱਕ ਵਿਚ ਫੈਸਲੇ ਲੈਣੇ ਪੈਣਗੇ।


ਪੰਧੇਰ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਬੇਰੁਜ਼ਗਾਰੀ ਦਾ ਕੋਈ ਹੱਲ ਕੱਢਿਆ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਨੇ ਘੱਟੋ-ਘੱਟ ਸਮਰਥਨ ਮੁੱਲ ਗਾਰੰਟੀ ਐਕਟ ਲਾਗੂ ਕਰਨ, ਮਜ਼ਦੂਰਾਂ ਨੂੰ ਮਨਰੇਗਾ ਤਹਿਤ ਸਾਲ ਵਿਚ 365 ਦਿਨ ਕੰਮ ਦੇਣ ਅਤੇ ਮਜ਼ਦੂਰੀ ਦੁੱਗਣੀ ਕਰਨ ਦੀ ਮੰਗ ਕੀਤੀ।