ਦੂਸਰੀ ਪਤਨੀ ਦੀ ਪਟੀਸ਼ਨ ‘ਤੇ ਹਾਈਕੋਰਟ ਨੇ ਪੰਜਾਬ ਸਰਕਾਰ ਤੇ ਪਠਾਨਮਾਜਰਾ ਨੂੰ ਭੇਜਿਆ ਨੋਟਿਸ

0
1206

ਚੰਡੀਗੜ੍ਹ : ਪਟਿਆਲਾ ਦੇ ਸਨੌਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਖਿਲਾਫ਼ ਉਨ੍ਹਾਂ ਦੀ ਦੂਸਰੀ ਪਤਨੀ ਨੇ ਇਕ ਵਾਰ ਫਿਰ ਹਾਈ ਕੋਰਟ ‘ਚ ਪਟੀਸ਼ਨ ਦਾਇਰ ਕਰਕੇ ਆਪਣੇ ਖਿਲਾਫ਼ ਤਿੰਨ ਸਤੰਬਰ ਨੂੰ ਆਈਟੀ ਐਕਟ ਤਹਿਤ ਦਰਜ ਐੱਫਆਈਆਰ ਨੂੰ ਰੱਦ ਕਰਨ ਦੀ ਹਾਈ ਕੋਰਟ ਤੋਂ ਮੰਗ ਕੀਤੀ ਸੀ ਜਿਸ ‘ਤੇ ਅੱਜ ਯਾਨੀ ਬੁੱਧਵਾਰ ਨੂੰ ਸੁਣਵਾਈ ਹੋਈ। ਹਾਈ ਕੋਰਟ ਨੇ ਪਟੀਸ਼ਨ ‘ਤੇ ਸੁਣਵਾਈ ਕਰਦੇ ਹੋਏ ਪਠਾਨਮਾਜਰਾ ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰ ਕੇ ਜਵਾਬ-ਤਲਬ ਕੀਤਾ ਹੈ।

ਅਦਾਲਤ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਕਿ ਪਠਾਨਮਾਜਰਾ ਦੀ ਪਤਨੀ ਦੀਆਂ ਦੋਵੇਂ ਪਟੀਸ਼ਨਾਂ ‘ਤੇ ਇਕੱਠੇ ਸੁਣਵਾਈ ਹੋਵੇਗੀ।

ਔਰਤ ਨੇ ਪਟੀਸ਼ਨ ਦਾਇਰ ਕਰਦਿਆਂ ਕਿਹਾ ਹੈ ਕਿ ਉਹ ਪਹਿਲਾਂ ਹੀ ਹਾਈਕੋਰਟ ‘ਚ ਵਿਧਾਇਕ ਪਠਾਨਮਾਜਰਾ ਖਿਲਾਫ ਪਟੀਸ਼ਨ ਦਾਇਰ ਕਰ ਚੁੱਕੀ ਹੈ ਤੇ ਵਿਧਾਇਕ ‘ਤੇ ਉਸ ਨਾਲ ਵਿਆਹ ਕਰਵਾਉਣ ਦਾ ਝੂਠਾ ਬਹਾਨਾ ਲਗਾ ਕੇ ਜਬਰ-ਜਨਾਹ ਤੇ ਧੋਖਾਧੜੀ ਸਮੇਤ ਕਈ ਦੋਸ਼ ਲਗਾਏ ਹਨ। ਇਸ ਖ਼ਿਲਾਫ਼ ਔਰਤ ਨੇ ਪਹਿਲਾਂ 23 ਅਗਸਤ ਨੂੰ ਮੁਹਾਲੀ ਦੇ ਐਸਐਸਪੀ ਨੂੰ ਸ਼ਿਕਾਇਤ ਵੀ ਦਿੱਤੀ ਸੀ। ਸ਼ਿਕਾਇਤ ‘ਤੇ ਕੋਈ ਕਾਰਵਾਈ ਨਾ ਹੋਣ ਕਾਰਨ ਔਰਤ ਨੇ ਹਾਈਕੋਰਟ ‘ਚ ਪਟੀਸ਼ਨ ਦਾਇਰ ਕਰ ਕੇ ਆਪਣੀ ਸੁਰੱਖਿਆ ਦੀ ਵੀ ਗੁਹਾਰ ਲਗਾਈ ਸੀ, ਹਾਈਕੋਰਟ ਨੇ ਇਸ ਪਟੀਸ਼ਨ ‘ਤੇ 30 ਅਗਸਤ ਨੂੰ ਨੋਟਿਸ ਜਾਰੀ ਕੀਤਾ ਸੀ। ਹੁਣ ਮਹਿਲਾ ਨੇ ਹਾਈਕੋਰਟ ਨੂੰ ਦੱਸਿਆ ਹੈ ਕਿ ਪੁਲਿਸ ਨੇ ਉਸ ਦੀ ਸ਼ਿਕਾਇਤ ‘ਤੇ ਅਜੇ ਤਕ ਕੋਈ ਕਾਰਵਾਈ ਨਹੀਂ ਕੀਤੀ, ਪਰ ਇਸ ਦੇ ਬਾਵਜੂਦ ਵਿਧਾਇਕ ਨੇ 3 ਸਤੰਬਰ ਨੂੰ ਜੁਲਕਾ ਥਾਣੇ ‘ਚ ਆਈ.ਟੀ. ਐਕਟ ਤਹਿਤ ਉਸ ਦੇ ਖਿਲਾਫ ਐੱਫਆਈਆਰ ਦਰਜ ਕਰਵਾ ਦਿੱਤੀ ਹੈ।