ਲੁਧਿਆਣਾ | ਅਨਾਜ ਦੀ ਢੁਆਈ ਘੁਟਾਲੇ ‘ਚ ਨਿਆਇਕ ਹਿਰਾਸਤ ‘ਚ ਪਟਿਆਲਾ ਜੇਲ੍ਹ ‘ਚ ਭੇਜੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਜੇਲ੍ਹ ‘ਚ ਪਹਿਲੀ ਰਾਤ ਖਾਣਾ ਨਹੀਂ ਖਾਧਾ। ਉਹ ਸਾਰੀ ਰਾਤ ਬੈਚੇਨ ਹੀ ਰਹੇ ਕਿਸੇ ਨਾਲ ਗੱਲ ਵੀ ਨਹੀਂ ਕੀਤੀ।
ਜ਼ਿਕਰਯੋਗ ਹੈ ਕਿ ਆਸ਼ੂ ਨੂੰ ਬੁੱਧਵਾਰ ਰਾਤ ਕਰੀਬ 9.45 ਵਜੇ ਪਟਿਆਲਾ ਦੀ ਕੇਂਦਰੀ ਜੇਲ੍ਹ ਲਿਆਂਦਾ ਗਿਆ ਸੀ, ਜਿੱਥੇ ਪਹਿਲਾਂ ਉਹਨਾਂ ਦਾ ਮੈਡੀਕਲ ਚੈਕਅੱਪ ਕੀਤਾ ਗਿਆ ਸੀ। ਆਸ਼ੂ ਨੂੰ ਰਾਤ ਵੇਲੇ ਜੌੜਾ ਮਿੱਲ ਦੀ ਬੈਰਕ ਵਿੱਚ ਰੱਖਿਆ ਗਿਆ ਸੀ। ਜ਼ਿਕਰਯੋਗ ਹੈ ਕਿ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ, ਪੰਜਾਬੀ ਗਾਇਕ ਦਲੇਰ ਮਹਿੰਦੀ ਤੇ ਸਾਬਕਾ ਆਈਏਐਸ ਸੰਜੇ ਪੋਪਲੀ ਪਹਿਲਾਂ ਹੀ ਪਟਿਆਲਾ ਜੇਲ੍ਹ ਵਿੱਚ ਬੰਦ ਹਨ। ਸਿੱਧੂ ਤੇ ਜਹਾਂ ਦਲੇਰ ਮਹਿੰਦੀ ਨਾਲ ਬੈਰਕ ਨੰਬਰ 10 ਵਿੱਚ ਬੰਦ ਹੈ।
ਭਾਰਤ ਭੂਸ਼ਣ ਆਸ਼ੂ ਦੀਆਂ ਤਾਰਾਂ ਹੁਣ ਕਪੂਰਥਲਾ ਨਾਲ ਜੁੜਨੀਆਂ ਸ਼ੁਰੂ ਹੋ ਗਈਆਂ ਹਨ। ਆਸ਼ੂ ਦੇ ਸੰਪਰਕ ‘ਚ ਰਹਿਣ ਵਾਲੇ ਕਪੂਰਥਲਾ ਦੇ ਕਈ ਵਿਅਕਤੀ ਵਿਜੀਲੈਂਸ ਟੀਮ ਦੀ ਰਡਾਰ ‘ਚ ਆ ਚੁੱਕੇ ਹਨ। ਵਿਜੀਲੈਂਸ ਨੂੰ ਸ਼ਹਿਰ ਦੇ ਕਈ ਅਜਿਹੇ ਸਰਮਾਏਦਾਰਾਂ ਦੀ ਸੂਚੀ ਮਿਲੀ ਹੈ, ਜਿਨ੍ਹਾਂ ਨੇ ਆਸ਼ੂ ਦੇ ਮੰਤਰੀ ਕਾਰਜਕਾਲ ਦੌਰਾਨ ਕਪੂਰਥਲਾ ਵਿੱਚ ਕਰੋੜਾਂ ਰੁਪਏ ਦਾ ਨਿਵੇਸ਼ ਕੀਤਾ ਸੀ।
ਵਿਜੀਲੈਂਸ ਵਲੋਂ ਕਪੂਰਥਲਾ ‘ਚ ਜਲਦ ਹੀ ਛਾਪੇਮਾਰੀ ਕੀਤੇ ਜਾਣ ਦੀ ਪੂਰੀ ਸੰਭਾਵਨਾ ਹੈ। ਇਹ ਉਹੀ ਲੋਕ ਹਨ ਜੋ ਪਿਛਲੀ ਸਰਕਾਰ ਵੇਲੇ ਉਸ ਵੇਲੇ ਦੇ ਮੰਤਰੀ ਦੇ ਖਾਸਮਖਾਸ ਮੰਨੇ ਜਾਂਦੇ ਸਨ। ਕੁਝ ਦਿਨ ਪਹਿਲਾਂ ਵਿਜੀਲੈਂਸ ਦੀ ਟੀਮ ਨੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਲੁਧਿਆਣਾ ਦੇ ਇੱਕ ਸੈਲੂਨ ਤੋਂ ਉਸ ਸਮੇਂ ਗ੍ਰਿਫਤਾਰ ਕੀਤਾ ਸੀ ਜਦੋਂ ਉਹ ਆਪਣੇ ਵਾਲ ਕੱਟਣ ਲਈ ਆ ਰਿਹਾ ਸੀ।
ਵਿਜੀਲੈਂਸ ਦੇ ਇਕ ਅਧਿਕਾਰੀ ਨੇ ਨਾਂ ਜ਼ਾਹਰ ਕੀਤੇ ਬਿਨਾਂ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਉਸ (ਆਸ਼ੂ) ਨੇ ਕਪੂਰਥਲਾ ਵਿਚ ਵੀ ਵੱਖ-ਵੱਖ ਥਾਵਾਂ ‘ਤੇ ਕਰੋੜਾਂ ਰੁਪਏ ਦਾ ਨਿਵੇਸ਼ ਕੀਤਾ ਸੀ। ਉਨ੍ਹਾਂ ਅਨੁਸਾਰ ਉਪਰੋਕਤ ਵਿਅਕਤੀ ਵੀ ਵਿਜੀਲੈਂਸ ਦੇ ਰਾਡਾਰ ‘ਤੇ ਹਨ ਅਤੇ ਆਉਣ ਵਾਲੇ ਦਿਨਾਂ ‘ਚ ਕਪੂਰਥਲਾ ‘ਚ ਵੀ ਵਿਜੀਲੈਂਸ ਦੀ ਛਾਪੇਮਾਰੀ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ |