ਲੁਧਿਆਣਾ ‘ਚ ਦੀਵਾਲੀ ਵਾਲੇ ਦਿਨ 3 ਘਰਾਂ ‘ਚ ਲੱਗੀ ਅੱਗ, ਲੱਖਾਂ ਦਾ ਸਾਮਾਨ ਸੜ ਕੇ ਸੁਆਹ

0
265

ਲੁਧਿਆਣਾ, 1 ਨਵੰਬਰ | ਦੀਵਾਲੀ ਦੀ ਬੀਤੀ ਰਾਤ 3 ਗਰੀਬ ਲੋਕਾਂ ਦੇ ਘਰ ਸੜ ਕੇ ਸੁਆਹ ਹੋ ਗਏ। ਪਟਾਕਿਆਂ ਦੀ ਚੰਗਿਆੜੀ ਕਾਰਨ ਪਹਿਲਾਂ ਇਕ ਝੌਂਪੜੀ ਨੂੰ ਅੱਗ ਲੱਗ ਗਈ ਅਤੇ ਕੁਝ ਹੀ ਸਮੇਂ ਵਿਚ ਅੱਗ ਨੇ ਬਾਕੀ ਝੁੱਗੀਆਂ ਨੂੰ ਵੀ ਆਪਣੀ ਲਪੇਟ ਵਿਚ ਲੈ ਲਿਆ, ਜਿਸ ਨਾਲ ਤਿੰਨ ਝੁੱਗੀਆਂ ਸੜ ਕੇ ਸੁਆਹ ਹੋ ਗਈਆਂ।

ਝੌਂਪੜੀਆਂ ਦੇ ਅੰਦਰ ਸੁੱਤੇ ਹੋਏ ਲੋਕਾਂ ਨੇ ਕਿਸੇ ਤਰ੍ਹਾਂ ਬਾਹਰ ਆ ਕੇ ਆਪਣੀ ਜਾਨ ਬਚਾਈ ਪਰ ਉਨ੍ਹਾਂ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਸ਼ੁੱਕਰਵਾਰ ਨੂੰ ਗੁੱਸੇ ‘ਚ ਆਏ ਲੋਕਾਂ ਨੇ ਮੁੱਖ ਮਾਰਗ ‘ਤੇ ਜਾਮ ਲਗਾ ਦਿੱਤਾ ਅਤੇ ਕਾਰਵਾਈ ਦੀ ਮੰਗ ਕਰਦੇ ਹੋਏ ਨਾਅਰੇਬਾਜ਼ੀ ਕੀਤੀ।

ਲੁਧਿਆਣਾ ਦੇ ਜਮਾਲਪੁਰ ਰੋਡ ‘ਤੇ ਰਾਜੀਵ ਗਾਂਧੀ ਕਲੋਨੀ ਨੇੜੇ ਗਰੀਬ ਲੋਕਾਂ ਦੀਆਂ ਝੌਂਪੜੀਆਂ ਬਣੀਆਂ ਹੋਈਆਂ ਹਨ ਅਤੇ ਨੇੜੇ ਹੀ ਇਕ ਮੰਦਰ ਵੀ ਹੈ। ਲੋਕਾਂ ਨੇ ਦੱਸਿਆ ਕਿ ਦੀਵਾਲੀ ਦੀ ਬੀਤੀ ਰਾਤ ਮੰਦਰ ਕਮੇਟੀ ਅਤੇ ਹੋਰ ਲੋਕਾਂ ਵੱਲੋਂ ਉਨ੍ਹਾਂ ਦੀਆਂ ਝੌਂਪੜੀਆਂ ਅੱਗੇ ਪਟਾਕੇ ਚਲਾਏ ਜਾ ਰਹੇ ਸਨ। ਉਨ੍ਹਾਂ ਨੇ ਉਨ੍ਹਾਂ ਨੂੰ ਰੋਕਿਆ ਵੀ ਪਰ ਉਹ ਨਹੀਂ ਮੰਨੇ ਅਤੇ ਪਟਾਕਿਆਂ ਦੀਆਂ ਚੰਗਿਆੜੀਆਂ ਉਨ੍ਹਾਂ ਦੀ ਝੌਂਪੜੀ ‘ਤੇ ਡਿੱਗ ਗਈਆਂ, ਜਿਸ ਨਾਲ ਤਿੰਨ ਝੁੱਗੀਆਂ ਸੁਆਹ ਹੋ ਗਈਆਂ।

ਇਸ ਘਟਨਾ ਤੋਂ ਗੁੱਸੇ ‘ਚ ਆਏ ਲੋਕਾਂ ਨੇ ਸ਼ੁੱਕਰਵਾਰ ਨੂੰ ਜਮਾਲਪੁਰ ਰੋਡ ‘ਤੇ ਜਾਮ ਲਗਾ ਕੇ ਧਰਨਾ ਦਿੱਤਾ ਅਤੇ ਨਾਅਰੇਬਾਜ਼ੀ ਕੀਤੀ। ਧਰਨੇ ਵਿਚ ਪੁੱਜੇ ਜਤਿੰਦਰ ਗੋਰੀਆ ਅਤੇ ਰਿਤੇਸ਼ ਜੈਸਵਾਲ ਨੇ ਕਿਹਾ ਕਿ ਇਸ ਘਟਨਾ ਨੂੰ ਸੋਚੀ ਸਮਝੀ ਸਾਜ਼ਿਸ਼ ਤਹਿਤ ਅੰਜਾਮ ਦਿੱਤਾ ਗਿਆ ਹੈ।

ਝੁੱਗੀ-ਝੌਂਪੜੀ ਵਾਲਿਆਂ ਨੂੰ ਇਥੇ ਉਠਾਉਣ ਲਈ ਜਾਣ-ਬੁੱਝ ਕੇ ਪਟਾਕੇ ਚਲਾਏ ਗਏ। ਉਨ੍ਹਾਂ ਦੱਸਿਆ ਕਿ ਦੀਵਾਲੀ ਵਾਲੀ ਰਾਤ ਝੁੱਗੀਆਂ ਨੂੰ ਅੱਗ ਲੱਗਣ ਕਾਰਨ ਗਰੀਬ ਲੋਕਾਂ ਦਾ ਸਾਰਾ ਸਾਮਾਨ, ਕੱਪੜੇ ਅਤੇ ਦੋ ਪਹੀਆ ਵਾਹਨ ਸੜ ਕੇ ਸੁਆਹ ਹੋ ਗਏ ਅਤੇ ਉਹ ਸੜਕ ’ਤੇ ਆ ਗਏ।

ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ ‘ਤੇ ਪਹੁੰਚੀ ਅਤੇ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕੀਤੀ। ਪੁਲਿਸ ਨੇ ਕਾਰਵਾਈ ਦਾ ਭਰੋਸਾ ਦੇ ਕੇ ਲੋਕਾਂ ਨੂੰ ਸ਼ਾਂਤ ਕੀਤਾ ਅਤੇ ਕਿਹਾ ਕਿ ਮਾਮਲੇ ਦੀ ਜਾਂਚ ਕਰ ਕੇ ਪਟਾਕੇ ਚਲਾਉਣ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਗਰੀਬ ਲੋਕਾਂ ਨੂੰ ਮੁਆਵਜ਼ਾ ਦਿਵਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ।