ਅਲਫਾਜ਼ ‘ਤੇ ਹੋਏ ਹਮਲੇ ‘ਤੇ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਬੋਲੇ- ਕੀ ਸਰਕਾਰਾਂ ਸੁੱਤੀਆਂ ਪਈਆਂ ਨੇ?

0
638

ਲੁਧਿਆਣਾ। ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਦੇ ਗਮ ਤੋਂ ਹਾਲੇ ਤੱਕ ਪੰਜਾਬੀ ਇੰਡਸਟਰੀ ਬਾਹਰ ਨਹੀਂ ਆਈ ਕਿ ਅਲਫ਼ਾਜ ਵੀ ਇੱਕ ਹਮਲੇ ਦੇ ਸ਼ਿਕਾਰ ਹੋ ਗਏ। ਖਬਰਾਂ ਮੁਤਾਬਿਕ ਅਲਫਾਜ਼ ‘ਤੇ ਇਹ ਹਮਲਾ ਮੋਹਾਲੀ ਦੇ ਇਕ ਰੈਸਟੋਰੈਂਟ ‘ਚ ਮਾਮੂਲੀ ਤਕਰਾਰ ਤੋਂ ਬਾਅਦ ਕੀਤਾ ਗਿਆ ਹੈ। ਹਮਲੇ ਤੋਂ ਬਾਅਦ ਜ਼ਖਮੀ ਹੋਏ ਅਲਫਾਜ਼ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਹ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਹੈ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਉੱਥੇ ਹੀ ਯੋ ਯੋ ਹਨੀ ਸਿੰਘ ਆਪਣੇ ਭਰਾ ਦੇ ਠੀਕ ਹੋਣ ਦੀ ਪ੍ਰਾਰਥਨਾ ਕਰ ਰਹੇ ਹਨ।

ਇਸਦੇ ਨਾਲ ਹੀ ਸਿਨੇਮਾ ਜਗਤ ਦੇ ਸਿਤਾਰੇ ਇਸ ਹਮਲੇ ਤੋਂ ਬੇਹੱਦ ਹੈਰਾਨ ਅਤੇ ਦੁਖੀ ਹਨ। ਉਹ ਇਸ ਤੇ ਸਖਤ ਰੋਸ ਦਿਖਾ ਰਹੇ ਹਨ। ਪੰਜਾਬੀ ਕਲਾਕਾਰ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟਾਂ ਪਾ ਕੇ ਅਲਫ਼ਾਜ਼ ਤੇ ਹੋਏ ਹਮਲੇ ਦੀ ਨਿੰਦਾ ਕਰ ਰਹੇ ਹਨ। ਇਸ ਦੌਰਾਨ ਗਾਇਕ ਇੰਦਰਜੀਤ ਨਿੱਕੂ ਨੇ ਸੋਸ਼ਲ ਮੀਡੀਆ ਤੇ ਪੋਸਟ ਸ਼ੇਅਰ ਕਰ ਲਿਖਿਆ, “ਮੇਰੇ ਭਰਾ ਅਲਫ਼ਾਜ਼ ਲਈ ਪ੍ਰਾਰਥਨਾ ਕਰੋ। ਆਰਟਿਸਟ ਲੋਕਾਂ ਦੇ ਘਰ ਖੁਸ਼ੀਆਂ ਵੰਡਦੇ ਨੇ, ਤੇ ਆ ਕਿਹੜੇ ਲੋਕ ਨੇ ਜੋ ਆਰਟਿਸਟਾਂ ਨੂੰ ਆਰਸਿਟ ਤਾਂ ਛੱਡੋ, ਬੰਦਾ ਵੀ ਸਮਝਣੋ ਹਟ ਗਏ ਨੇ। ਪਹਿਲਾਂ ਕਿਵੇਂ ਸਿੱਧੂ ਭਰਾ ਨਾਲ ਕੀਤਾ, ਕਦੇ ਕਿਸੇ ਆਰਟਿਸਟ ਤੇ ਅਟੈਕ, ਕਦੇ ਪਰਮੀਸ਼ ਵਰਮਾ, ਕਦੇ ਸੰਦੀਪ ਅੰਬੀਆਂ ਤੇ ਸਿੱਧੀਆਂ ਗੋਲੀਆਂ ਤੇ ਅੱਜ ਅਲਫ਼ਾਜ਼, ਕੀ ਸਰਕਾਰਾਂ ਸੁੱਤੀਆਂ ਪਈਆਂ? ਐਨਾ ਟੈਕਸ ਭਰਦੇ ਆ ਆਰਟਿਸਟ, ਇਸ ਦੇ ਬਾਵਜੂਦ ਨਾ ਕੋਈ ਆਰਥਿਕ ਸਮਰਥਨ ਤੇ ਨਾ ਹੀ ਕੋਈ ਸਕਿਓਰਟੀ। ਫ਼ਿਰ ਕਹਿੰਦੇ ਨੇ ਆਰਟਿਸਟ ਬਾਹਰ ਨੂੰ ਭੱਜਦੇ ਨੇ। ਸੋਚੋ ਮਾਨ ਸਾਹਿਬ ਆਰਟਿਸਟਾਂ ਬਾਰੇ ਵੀ।

ਜ਼ਿਕਰਯੋਗ ਹੈ ਕਿ ਬਾਲੀਵੁੱਡ ਦੇ ਨਾਲ-ਨਾਲ ਪੰਜਾਬੀ ਜਗਤ ਦੇ ਵੀ ਕਈ ਸਿਤਾਰਿਆਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਦੀਆਂ ਰਹਿੰਦੀਆਂ ਹਨ। ਸਿੱਧੂ ਮੂਸੇਵਾਲਾ ਦੀ ਹੱਤਿਆ ਤੋਂ ਬਾਅਦ ਤਾਂ ਪੰਜਾਬ `ਚ ਗੈਂਗਸਟਰਾਂ ਉੱਪਰ ਨਕੇਲ ਕੱਸਣ ਲਈ ਪੰਜਾਬ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ। ਫਿਲਹਾਲ ਇਸ ਤੇ ਕਦੋਂ ਪੂਰੀ ਤਰ੍ਹਾਂ ਪਾਬੰਦੀ ਲੱਗ ਸਕੇਗੀ ਇਹ ਤਾਂ ਸਮਾਂ ਹੀ ਦੱਸੇਗਾ।