ਕਾਂਗਰਸ ‘ਚੋਂ ਕੱਢੇ ਜਾਣ ‘ਤੇ MLA ਸੰਦੀਪ ਜਾਖੜ ਬੋਲੇ- ‘ਮੇਰਾ ਪੱਖ ਤਾਂ ਪੁੱਛ ਲੈਂਦੇ, ਹੁਣ ਮੈਂ ਮਾਫੀ ਨਹੀਂ ਮੰਗਾਂਗਾ’

0
1015

ਚੰਡੀਗੜ੍ਹ| ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦੇ ਭਤੀਜੇ ਸੰਦੀਪ ਜਾਖੜ ਨੇ ਕਾਂਗਰਸ ਤੋਂ ਮੁਅੱਤਲ ਹੋਣ ਤੋਂ ਬਾਅਦ ਆਪਣਾ ਪੱਖ ਪੇਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਬਹੁਤ ਵੱਡੀ ਪਾਰਟੀ ਹੈ, ਇਸ ਲਈ ਘੱਟੋ-ਘੱਟ ਉਨ੍ਹਾਂ ਦਾ ਪੱਖ ਜਾਣ ਲੈਣਾ ਚਾਹੀਦਾ ਸੀ। ਉਹ ਪਾਰਟੀ ਤੋਂ ਮੁਆਫੀ ਨਹੀਂ ਮੰਗਣਗੇ।

ਸੰਦੀਪ ਜਾਖੜ ਨੇ ਕਿਹਾ ਕਿ ਮੈਂ ਕੋਈ ਕੰਮ ਲੁਕ-ਛਿਪ ਕੇ ਨਹੀਂ ਕੀਤਾ, ਜੋ ਵੀ ਕੀਤਾ ਉਹ ਖੁੱਲ੍ਹ ਕੇ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਅਬੋਹਰ ਦੇ ਲੋਕਾਂ ਦੀ ਸੇਵਾ ਕਰਦੇ ਰਹਿਣਗੇ।

ਸੰਦੀਪ ਜਾਖੜ ਅਬੋਹਰ ਤੋਂ ਕਾਂਗਰਸ ਦੇ ਵਿਧਾਇਕ ਹਨ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਉਨ੍ਹਾਂ ’ਤੇ ਪਾਰਟੀ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੇ ਦੋਸ਼ ਲਾਏ ਗਏ ਸਨ। ਇਸ ’ਤੇ ਹਾਈਕਮਾਂਡ ਵੱਲੋਂ ਉਨ੍ਹਾਂ ਨੂੰ ਮੁਅੱਤਲ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ।

ਦਰਅਸਲ ਸੰਦੀਪ ਜਾਖੜ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਵਿਚਾਲੇ ਕਰੀਬ ਇਕ ਸਾਲ ਤੋਂ ਸ਼ਬਦੀ ਜੰਗ ਚੱਲ ਰਹੀ ਸੀ। ਰਾਜਾ ਵੜਿੰਗ ਸੰਦੀਪ ਨੂੰ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇਣ ਅਤੇ ਪਾਰਟੀ ‘ਚੋਂ ਕੱਢਣ ਦੀ ਚੁਣੌਤੀ ਦੇ ਰਹੇ ਸਨ।

ਵੜਿੰਗ ਵੱਲੋਂ ਪਾਰਟੀ ਛੱਡਣ ਦੀ ਚੁਣੌਤੀ ਤੋਂ ਬਾਅਦ ਸੰਦੀਪ ਜਾਖੜ ਨੇ ਵੀ ਪ੍ਰਤੀਕਿਰਿਆ ਦਿੱਤੀ ਸੀ। ਉਨ੍ਹਾਂ ਕਿਹਾ ਸੀ ਕਿ ਜੇਕਰ ਰਾਜਾ ਵੜਿੰਗ ਉਨ੍ਹਾਂ ਤੋਂ ਡਰਦੇ ਹਨ ਤਾਂ ਉਹ ਉਨ੍ਹਾਂ ਨੂੰ ਪਾਰਟੀ ‘ਚੋਂ ਕੱਢ ਸਕਦੇ ਹਨ। ਪਰ ਉਹ ਆਪਣੇ ਹਲਕੇ ਵਿੱਚ ਕੰਮ ਕਰਦੇ ਰਹਿਣਗੇ। ਰਾਜਾ ਵੜਿੰਗ ਨੇ ਸੰਦੀਪ ਨੂੰ ਚੁਣੌਤੀ ਦਿੱਤੀ ਸੀ ਕਿ ਜੇ ਉਨ੍ਹਾਂ ਨੂੰ ਅਬੋਹਰ ਦੇ ਵੋਟਰਾਂ ਦੇ ਸਮਰਥਨ ‘ਤੇ ਜ਼ਿਆਦਾ ਭਰੋਸਾ ਹੈ ਤਾਂ ਉਹ ਨਵੇਂ ਸਿਰੇ ਤੋਂ ਚੋਣਾਂ ਜਿੱਤ ਕੇ ਵਿਖਾਉਣ।