ਓਮਾਨ : ਏਜੰਟਾਂ ਨੇ ਵੇਚੀਆਂ ਪੰਜਾਬੀ ਕੁੜੀਆਂ,ਕਈਆਂ ਨਾਲ ਹੋਇਆ ਰੇਪ, ਭਾਰਤੀ ਦੂਤਾਵਾਸ ਨੇ ਵੀ ਵਾਪਸੀ ਲਈ ਮੰਗੇ 1.2 ਲੱਖ

0
1405

ਓਮਾਨ ਵਿੱਚ ਫਸੀਆਂ 12 ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੀਆਂ ਕੁੜੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਵਾਲੀ ਸਰਕਾਰ ਨੂੰ ਮਦਦ ਦੀ ਗੁਹਾਰ ਲਾਈ ਹੈ ਕਿ ਉਨ੍ਹਾਂ ਦੀ ਭਾਰਤ ਵਾਪਸੀ ਕਰਵਾਈ ਜਾਏ। ਇਨ੍ਹਾਂ ਵਿੱਚ ਲੁਧਿਆਣਾ, ਜਲੰਧਰ, ਮੋਗਾ, ਫਰੀਦਕੋਟ ਸਣੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੀਆਂ ਕੁੜੀਆਂ ਘਰੇਲੂ ਨੌਕਰ ਵਜੋਂ ਕੰਮ ਕਰਨ ਮਸਕਟ/ ਓਮਾਨ ਵਿੱਚ ਗਈਆਂ ਹਨ।

ਇੱਕ ਨਿਊਜ਼ ਚੈਨਲ ਨਾਲ ਟੈਲੀਫੋਨ ‘ਤੇ ਗੱਲਬਾਤ ਕਰਦਿਆਂ 8 ਮਹੀਨਿਆਂ ਤੋਂ ਓਮਾਨ ਵਿੱਚ ਰਹਿ ਰਹੀ ਲੁਧਿਆਣਾ ਦੀ ਰਹਿਣ ਵਾਲੀ ਅਮਨਦੀਪ ਕੌਰ ਨੇ ਦੱਸਿਆ ਕਿ ਉਹ ਢਾਈ ਮਹੀਨਿਆਂ ਤੋਂ ਬਿਨਾਂ ਕੰਮ ਅਤੇ ਰਿਹਾਇਸ਼ ਤੋਂ ਰਹਿ ਰਹੀ ਹੈ। ਉਸ ਨੇ ਦੱਸਿਆ ਕਿ ਅਸੀਂ ਇੱਥੇ ਘਰ ਵਿੱਚ ਨੌਕਰਾਣੀ ਵਜੋਂ ਕੰਮ ਕਰਨ ਲਈ ਆਏ ਹਾਂ ਪਰ ਏਜੰਟਾਂ ਦੇ ਵਾਅਦੇ ਮੁਤਾਬਕ ਇੱਥੇ ਕੁਝ ਨਹੀਂ ਹੋਇਆ।

ਪੰਜਾਬ ਦੀਆਂ ਕੁੜੀਆਂ ਨੂੰ ਇੱਥੇ ਬਹੁਤ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਾਨੂੰ ਜਿਸ ਤਰ੍ਹਾਂ ਦਾ ਕੰਮ ਦੇਣ ਦਾ ਵਾਅਦਾ ਕੀਤਾ ਗਿਆ ਸੀ, ਉਸ ਤਰ੍ਹਾਂ ਦਾ ਕੰਮ ਨਹੀਂ ਮਿਲਿਆ ਅਤੇ ਨਾ ਹੀ ਤਨਖ਼ਾਹ। ਇਥੇ ਬਹੁਤ ਸਾਰੀਆਂ ਔਰਤਾਂ ਹਨ, ਕਈਆਂ ਨਾਲ ਜਬਰ-ਜ਼ਨਾਹ ਵੀ ਕੀਤਾ ਗਿਆ।

ਆਪਣੀ ਦੁਰਦਸ਼ਾ ਸਾਂਝੀ ਕਰਦੇ ਹੋਏ ਉਸ ਨੇ ਕਿਹਾ ਕਿ ਉਸ ਨੂੰ ਅਤੇ ਹੋਰ ਲੜਕੀਆਂ ਨੂੰ ਹਰ ਵੇਲੇ ਕੰਮ ਕਰਵਾਇਆ ਜਾਂਦਾ ਹੈ, ਸਹੀ ਖਾਣਾ ਵੀ ਨਹੀਂ ਦਿੱਤਾ ਜਾਂਦਾ ਸੀ। ਉਨ੍ਹਾਂ ਕਿਹਾ ਕਿ ਨਾ ਤਾਂ ਸਾਡੇ ਕੋਲ ਪੈਸੇ ਹਨ ਤੇ ਨਾ ਹੀ ਪਾਸਪੋਰਟ। ਸਾਡੇ ਇੱਥੇ ਪਹੁੰਚਣ ‘ਤੇ ਏਜੰਟਾਂ ਨੇ ਪਾਸਪੋਰਟ ਲੈ ਲਏ। ਹੁਣ ਅਸੀਂ ਜਿੱਥੇ ਕੰਮ ਕਰ ਰਹੇ ਸੀ, ਉਥੋਂ ਕੰਮ ਛੱਡ ਦਿੱਤਾ ਹੈ ਅਤੇ ਸਾਡੇ ਕੋਲ ਕੋਈ ਕੰਮ ਨਹੀਂ ਹੈ।

ਕੌਰ ਨੇ ਅੱਗੇ ਦੱਸਿਆ ਕਿ ਉਸ ਨੇ ਹੋਰ ਔਰਤਾਂ ਨਾਲ ਮਦਦ ਲਈ ਕਈ ਦਰਵਾਜ਼ੇ ਖੜਕਾਏ ਪਰ ਕੋਈ ਜਵਾਬ ਨਹੀਂ ਮਿਲਿਆ। ਅਸੀਂ ਭਾਰਤੀ ਦੂਤਾਵਾਸ ਤੱਕ ਪਹੁੰਚ ਕੀਤੀ ਪਰ ਉਨ੍ਹਾਂ ਨੇ ਸਾਡੀ ਕੋਈ ਮਦਦ ਨਹੀਂ ਕੀਤੀ। ਦੂਤਾਵਾਸ ਨੇ ਸਾਡੀ ਵਾਪਸੀ ਦੀ ਸਹੂਲਤ ਲਈ ਸਾਨੂੰ 1.2 ਲੱਖ ਰੁਪਏ ਦਾ ਜੁਰਮਾਨਾ ਅਦਾ ਕਰਨ ਲਈ ਕਿਹਾ। ਉਨ੍ਹਾਂ ਨੇ ਸਾਨੂੰ ਰਿਪੋਰਟ ਦਰਜ ਕਰਨ ਅਤੇ ਦੋ ਤੋਂ ਤਿੰਨ ਮਹੀਨੇ ਉਡੀਕ ਕਰਨ ਲਈ ਕਿਹਾ।

ਅਮਨ ਨੇ ਅੱਗੇ ਕਿਹਾ ਕਿ ਉਹ ਕੰਮ ਛੱਡਣ ਤੋਂ ਬਾਅਦ ਉਹ ਉਥੇ ਫਸੀਆਂ ਹੋਰ ਔਰਤਾਂ ਦੇ ਨਾਲ ਗੁਰਦੁਆਰੇ ਵਿੱਚ ਢਾਈ ਮਹੀਨਿਆਂ ਬਿਤਾਏ। ਉਸ ਨੇ ਦਾਅਵਾ ਕੀਤਾ ਕਿ ਓਮਾਨ ਵਿੱਚ 200 ਤੋਂ 300 ਦੇ ਕਰੀਬ ਕੁੜੀਆਂ ਫਸੀਆਂ ਹੋਈਆਂ ਹਨ।

ਉਸ ਨੇ ਕਿਹਾ ਕੀ ਸਾਨੂੰ ਉਮੀਦ ਸੀ ਕਿ ਉਥੋਂ ਸਾਨੂੰ ਪੰਜਾਬ ਵਾਪਸ ਜਾਣ ਲਈ ਕੁਝ ਮਦਦ ਮਿਲੇਗੀ ਪਰ ਕੋਈ ਸਮਰਥਨ ਨਾ ਮਿਲਣ ਤੋਂ ਬਾਅਦ ਅਸੀਂ ਗੁਰਦੁਆਰਾ ਛੱਡ ਦਿੱਤਾ। ਉਸ ਨੇ ਕਿਹਾ ਕਿ ਪਿਛਲੇ 10 ਦਿਨਾਂ ਤੋਂ ਅਸੀਂ ਇੱਕ ਦੱਖਣੀ ਭਾਰਤੀ ਔਰਤ ਨਾਲ ਰਹਿ ਰਹੇ ਹਾਂ ਜੋ ਅੰਬੈਸੀ ਵਿੱਚ ਕੰਮ ਕਰਦੀ ਹੈ। ਉਸ ਨੇ ਦੱਸਿਆ ਕਿ ਏਜੰਟਾਂ ਨੇ ਘਰੇਲੂ ਨੌਕਰ ਦੇ ਬਦਲੇ ਉਨ੍ਹਾਂ ਨੂੰ ਇੱਥੇ ਵੇਚ ਦਿੱਤਾ ਹੈ।