4 ਦਿਨਾਂ ਤੋਂ ਨੋਟ ਗਿਣ-ਗਿਣ ਥੱਕੇ ਅਧਿਕਾਰੀ, ਖਜ਼ਾਨੇ ਦੀ ਭਾਲ ‘ਚ ਨਹੀਂ ਸੌਂ ਰਹੇ ਅਫਸਰ; ਹੁਣ ਤੱਕ 1000 ਕਰੋੜ ਦੀ ਸੰਪਤੀ ਬਰਾਮਦ

0
2400

ਉੱਤਰ ਪ੍ਰਦੇਸ਼ | ਕਾਨਪੁਰ ‘ਚ ਪਰਫਿਊਮ ਤੇ ਕੰਪਾਊਂਡ ਕਾਰੋਬਾਰੀ ਪਿਊਸ਼ ਜੈਨ ਦੇ ਘਰੋਂ ਮਿਲੇ 181 ਕਰੋੜ ਤੋਂ ਬਾਅਦ ਹੁਣ ਕਨੌਜ ਦੇ ਘਰ ਦੀਆਂ ਕੰਧਾਂ, ਫਰਸ਼, ਛੱਤ ਤੇ ਬੇਸਮੈਂਟ ‘ਚੋਂ ਕਰੋੜਾਂ ਦਾ ਸੋਨਾ-ਚਾਂਦੀ ਨਿਕਲ ਰਿਹਾ ਹੈ।

ਕਨੌਜ ‘ਚ ਐਤਵਾਰ ਨੂੰ ਤੀਜੇ ਦਿਨ GST ਇੰਟੈਲੀਜੈਂਸ ਤੇ ਇਨਕਮ ਟੈਕਸ ਵਿਭਾਗ ਦੇ ਡਾਇਰੈਕਟੋਰੇਟ ਜਨਰਲ ਦੀ ਕਾਰਵਾਈ ‘ਚ ਲਗਭਗ 110 ਕਰੋੜ ਰੁਪਏ ਦੀ ਨਕਦੀ ਤੇ 275 ਕਿਲੋ ਸੋਨਾ ਅਤੇ ਚਾਂਦੀ ਬਰਾਮਦ ਹੋਇਆ।

ਫਿਲਹਾਲ ਮਸ਼ੀਨਾਂ ਨਾਲ ਨੋਟ ਗਿਣਨ ਦਾ ਕੰਮ ਚੱਲ ਰਿਹਾ ਹੈ। ਰਕਮ ਹੋਰ ਵਧੇਗੀ। ਟੈਕਸ ਚੋਰੀ ਦੇ ਸ਼ੱਕ ‘ਚ ਡੀਜੀਜੀਆਈ ਦੀਆਂ ਟੀਮਾਂ ਨੇ ਬੁੱਧਵਾਰ ਨੂੰ ਕਾਨਪੁਰ ‘ਚ ਸ਼ਿਖਰ ਪਾਨ ਮਸਾਲਾ, ਗਣਪਤੀ ਟਰਾਂਸਪੋਰਟ ਦੇ ਸਥਾਨ ‘ਤੇ ਛਾਪਾ ਮਾਰਿਆ।

ਇੱਥੋਂ ਮਿਲੇ ਸੁਰਾਗ ਦੇ ਆਧਾਰ ‘ਤੇ ਵੀਰਵਾਰ ਨੂੰ ਇੱਤਰ ਵਪਾਰੀ ਪਿਊਸ਼ ਜੈਨ ਦੇ ਕਾਨਪੁਰ, ਕਨੌਜ, ਗੁਜਰਾਤ, ਮੁੰਬਈ ਸਥਿਤ ਘਰ, ਫੈਕਟਰੀ, ਦਫਤਰ, ਕੋਲਡ ਸਟੋਰੇਜ ਤੇ ਪੈਟਰੋਲ ਪੰਪ ‘ਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ।

ਕਾਨਪੁਰ ‘ਚ ਮਿਲੀ ਰਕਮ ਦੀ ਗਿਣਤੀ ਪੂਰੀ ਹੋਣ ਤੋਂ ਬਾਅਦ ਡੀਜੀਜੀਆਈ ਦੀ ਟੀਮ ਪਿਊਸ਼ ਨੂੰ ਹਿਰਾਸਤ ‘ਚ ਲੈ ਕੇ ਕਨੌਜ ਦੇ ਛਿਪਟੀ ਮੁਹੱਲੇ ‘ਚ ਸਥਿਤ ਘਰ ਪਹੁੰਚੀ। ਸ਼ਨੀਵਾਰ ਨੂੰ ਇੱਥੇ ਨੋਟਾਂ ਨਾਲ ਭਰੀਆਂ 8 ਬੋਰੀਆਂ ਬਰਾਮਦ ਹੋਈਆਂ।

ਤੀਜੇ ਦਿਨ ਛਿਪਟੀ ਸਥਿਤ ਪਿਊਸ਼ ਜੈਨ ਦੇ ਜੱਦੀ ਘਰ, ਗੁਆਂਢ ਦੇ 2 ਹੋਰ ਘਰਾਂ ਤੇ ਗੋਦਾਮਾਂ ‘ਤੇ ਛਾਪੇਮਾਰੀ ਕੀਤੀ ਗਈ। ਜੱਦੀ ਘਰ ਦੀਆਂ ਕੰਧਾਂ, ਫਰਸ਼, ਛੱਤ ਅਤੇ ਬੇਸਮੈਂਟ ‘ਚੋਂ 110 ਕਰੋੜ ਰੁਪਏ ਨਕਦ, 250 ਕਿਲੋ ਚਾਂਦੀ ਅਤੇ 25 ਕਿਲੋ ਸੋਨਾ ਬਰਾਮਦ ਹੋਇਆ ਹੈ।

10 ਤੋਂ 2000 ਤੱਕ ਦੇ ਨੋਟਾਂ ਦੇ ਮਿਲੇ ਬੰਡਲ ਮਿਲੇ

ਪਿਊਸ਼ ਜੈਨ ਦੇ ਬੈੱਡਰੂਮ ‘ਚ ਪਲਾਈ ਤੇ ਰੈਕਸੀਨ ਨਾਲ ਬਣੀ ਸ਼ੌਅਪੀਸ ਦੀਵਾਰ ਦੇ ਅੰਦਰੋਂ ਸਭ ਤੋਂ ਵੱਡੀ ਰਕਮ ਮਿਲੀ ਹੈ। ਇਸ ਤੋਂ ਇਲਾਵਾ ਪੌੜੀਆਂ ਦੇ ਅੰਦਰ ਬਣੇ ਮੋਰੀ ਤੋਂ ਵੀ ਕੁਝ ਪੈਸੇ ਮਿਲੇ ਹਨ।

ਬਰਾਮਦ ਹੋਏ ਰੁਪਿਆਂ ਵਿੱਚ 2 ਹਜ਼ਾਰ, 500, ਸੌ ਤੇ 10-10 ਦੇ ਨੋਟ ਸ਼ਾਮਲ ਹਨ। ਗੁਜਰਾਤ ਦੇ ਅਹਿਮਦਾਬਾਦ ਤੇ ਲਖਨਊ ਤੋਂ 2 ਟੀਮਾਂ ਨੇ ਜਾਂਚ ਪ੍ਰਕਿਰਿਆ ਬਾਰੇ ਪੁੱਛਗਿੱਛ ਕੀਤੀ। ਮੰਨਿਆ ਜਾ ਰਿਹਾ ਹੈ ਕਿ ਨਕਦੀ, ਸੋਨਾ ਤੇ ਚੰਦਨ ਦਾ ਤੇਲ ਮਿਲਾ ਕੇ ਕੁਲ 1000 ਕਰੋੜ ਦੇ ਕਰੀਬ ਸੰਪਤੀ ਬਰਾਮਦ ਹੋ ਚੁੱਕੀ ਹੈ।

ਅਜੇ ਹੋਰ ਵਧੇਗੀ ਰਕਮ

ਦੀਵਾਰਾਂ ਨੂੰ ਤੋੜਨ ਲਈ 10 ਦੇ ਕਰੀਬ ਮਜ਼ਦੂਰ ਲਾਏ ਗਏ ਸਨ। ਇਹ ਲੋਕ ਗੈਸ ਵੈਲਡਿੰਗ ਕਟਰ ਤੇ ਛੈਣੀ-ਹਥੌੜੇ ਨਾਲ ਕੰਧਾਂ ਤੇ ਤਾਲੇ ਤੋੜਨ ਵਿੱਚ ਰੁੱਝੇ ਹੋਏ ਸਨ। ਦਰਵਾਜ਼ੇ ਖੋਲ੍ਹਣ ਲਈ ਡੁਪਲੀਕੇਟ ਚਾਬੀਆਂ ਬਣਾਉਣ ਲਈ 5 ਕਾਰੀਗਰ ਲੱਗੇ ਹੋਏ ਹਨ।

ਹੁਣ ਤੱਕ ਦੀ ਜਾਂਚ ‘ਚ ਮਿਲੇ ਨੋਟਾਂ ਦੀ ਗਿਣਤੀ ਘਰ ਦੀ ਦੂਜੀ ਮੰਜ਼ਿਲ ‘ਤੇ ਚੱਲ ਰਹੀ ਹੈ। ਡੀਜੀਜੀਆਈ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਅਜੇ ਹੋਰ ਨਕਦੀ ਮਿਲਣ ਦੀ ਸੰਭਾਵਨਾ ਦੇ ਮੱਦੇਨਜ਼ਰ ਸੋਮਵਾਰ ਸਵੇਰ ਤੱਕ ਜਾਂਚ ਜਾਰੀ ਰਹੇਗੀ।