3 ਅਕਤੂਬਰ : ਲਖੀਮਪੁਰ ਖੀਰੀ ਹਿੰਸਾ ਕਾਂਡ ਦੀ ਪਹਿਲੀ ਬਰਸੀ, ਨਿਆਂ ਨਾ ਮਿਲਣ ‘ਤੇ ਟਿਕੈਤ ਨੇ ਜਤਾਇਆ ਰੋਸ

0
268

ਲਖੀਮਪੁਰ ਖੀਰੀ : ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਕਿ ਲਖੀਮਪੁਰ ਖੀਰੀ ਹਿੰਸਾ ਦੇ ਪੀੜਤ ਪਰਿਵਾਰਾਂ ਨੂੰ ਅਜੇ ਤੱਕ ਇਨਸਾਫ਼ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਇਸ ਦੁਰਘਟਨਾ ਦੀ ਪਹਿਲੀ ਬਰਸੀ ਮੌਕੇ ਸੋਮਵਾਰ ਨੂੰ ਦੇਸ਼ ਭਰ ‘ਚ ਕਿਸਾਨ ਇਕੱਠੇ ਹੋਣਗੇ। ਟਿਕੈਤ ਨੇ ਕਿਹਾ ਕਿ ਪਿਛਲੇ ਸਾਲ 3 ਅਕਤੂਬਰ ਨੂੰ ਕਿ ਤਿਕੁਨੀਆ ਪਿੰਡ ਵਿੱਚ ਵਾਪਰੇ ਉਸ ਹਿੰਸਾਕਾਂਡ ਨੂੰ ਦੇਸ਼ ਕਦੇ ਨਹੀਂ ਭੁੱਲ ਸਕਦਾ, ਜਿਸ ‘ਚ ਅੱਠ ਲੋਕਾਂ ਦੀ ਜਾਨ ਗਈ ਸੀ।

ਜ਼ਿਕਰਯੋਗ ਹੈ ਕਿ 3 ਅਕਤੂਬਰ 2021 ਨੂੰ ਕਿਸਾਨ ਤਿਕੁਨੀਆ ਪਿੰਡ ‘ਚ ਉੱਤਰ ਪ੍ਰਦੇਸ਼ ਦੇ ਉਪ-ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਦੀ ਫ਼ੇਰੀ ਦਾ ਵਿਰੋਧ ਕਰ ਰਹੇ ਸਨ ਅਤੇ ਇਸ ਦੌਰਾਨ ਇੱਕ ਕਾਰ ਨੇ ਚਾਰ ਲੋਕਾਂ ਨੂੰ ਕੁਚਲ ਦਿੱਤਾ ਸੀ। ਇਸ ਤੋਂ ਬਾਅਦ ਭੜਕੀ ਹਿੰਸਾ ਵਿੱਚ ਦੋ ਭਾਜਪਾ ਵਰਕਰਾਂ ਅਤੇ ਇੱਕ ਪੱਤਰਕਾਰ ਸਮੇਤ ਚਾਰ ਹੋਰ ਮਾਰੇ ਗਏ ਸਨ।

ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਟਿਕੈਤ ਨੇ ਕਿਹਾ, ”ਪੀੜਤਾਂ ਦੇ ਪਰਿਵਾਰਾਂ ਨੂੰ ਹਾਲੇ ਤੱਕ ਇਨਸਾਫ਼ ਨਹੀਂ ਮਿਲਿਆ।” ਹਿੰਸਾ ਦਾ ਜ਼ਿਕਰ ਕਰਦਿਆਂ ਰਾਕੇਸ਼ ਟਿਕੈਤ ਨੇ ਕਿਹਾ, ”ਇਹ (ਗਾਂਧੀ ਜੈਅੰਤੀ) ‘ਸ਼ਾਂਤੀ’ ਦਾ ਹਫ਼ਤਾ ਸੀ। ਪਰ ਪਿਛਲੇ ਸਾਲ ਇਸ ਦੌਰਾਨ ਹੋਈ ਹਿੰਸਾ ਵਿੱਚ ਅੱਠ ਲੋਕਾਂ ਦੀ ਜਾਨ ਚਲੀ ਗਈ ਸੀ, ਜੋ ਬਹੁਤ ਮੰਦਭਾਗਾ ਸੀ।

ਇਨਸਾਫ਼ ਮਿਲਣ ਵਿੱਚ ਹੋ ਰਹੀ ਦੇਰੀ ਲਈ ਸੂਬਾ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਟਿਕੈਤ ਨੇ ਕਿਹਾ, “ਸੱਤਾਧਾਰੀ ਧਿਰ ਨਾ ਤਾਂ ਕਨੂੰਨੀ ਪ੍ਰਣਾਲੀ ‘ਚ ਵਿਸ਼ਵਾਸ ਰੱਖਦਾ ਹੈ, ਅਤੇ ਨਾ ਹੀ ਸੰਵਿਧਾਨ ਵਿੱਚ, ਅਤੇ ਆਪਣੀ ਤਾਕਤ ਦੀ ਦੁਰਵਰਤੋਂ ਕਰਦਾ ਹੈ।” ਅੱਗੇ ਦੀ ਰਣਨੀਤੀ ਬਾਰੇ ਪੁੱਛੇ ਜਾਣ ‘ਤੇ, ਟਿਕੈਤ ਨੇ ਕਿਹਾ ਕਿ ਲੋਕ ਸਿਰਫ਼ (ਬੇਇਨਸਾਫ਼ੀ ਦੇ ਖ਼ਿਲਾਫ਼) ਆਪਣੀ ਆਵਾਜ਼ ਚੁੱਕ ਸਕਦੇ ਹਨ, ਬਾਕੀ ਸਰਕਾਰ ਦੇ ਹੱਥਾਂ ਵਿੱਚ ਹੈ।