ਜਲੰਧਰ | ਪੰਜਾਬ ਦੇ ਜਲੰਧਰ ਸ਼ਹਿਰ ਦੇ ਸੰਘਾ ਚੌਕ ਸਥਿਤ ਪਰਲ ਆਈ ਐਂਡ ਮੈਟਰਨਿਟੀ ਹਸਪਤਾਲ ਦੇ ਨਰਸਿੰਗ ਹੋਸਟਲ ਵਿੱਚ ਬੁੱਧਵਾਰ ਰਾਤ ਹੋਏ ਕਤਲ ਦੀ ਗੁੱਥੀ ਨੂੰ ਪੁਲਿਸ ਨੇ ਸੁਲਝਾ ਲਿਆ ਹੈ। ਪੁਲਿਸ ਨੇ ਕਤਲ ਕਰਨ ਵਾਲੇ ਵਿਅਕਤੀ ਨੂੰ ਵੀ ਫੜ ਲਿਆ ਹੈ, ਪਰ ਪੁਲਿਸ ਅਜੇ ਇਸ ਦੀ ਪੁਸ਼ਟੀ ਨਹੀਂ ਕਰ ਰਹੀ ਹੈ।
ਅੱਜ ਪੁਲਿਸ ਇਸ ਮਾਮਲੇ ਨੂੰ ਲੈ ਕੇ ਪ੍ਰੈਸ ਕਾਨਫਰੰਸ ਕਰ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਮਾਮਲਾ ਆਪਸੀ ਦੁਸ਼ਮਣੀ ਦਾ ਨਹੀਂ ਸਗੋਂ ਵਿਆਹ ਦਾ ਸੀ। ਬਲਜਿੰਦਰ ਕੌਰ ਦਾ ਵਿਆਹ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਨਵੰਬਰ ਮਹੀਨੇ ਵਿੱਚ ਤੈਅ ਕੀਤਾ ਗਿਆ ਸੀ ਪਰ ਇਹ ਗੱਲ ਮੰਡੀ ਗੋਬਿੰਦਗੜ੍ਹ (ਫਤਿਹਗੜ੍ਹ ਸਾਹਿਬ) ਦੇ ਨੌਜਵਾਨ ਗੋਰੂ ਨੂੰ ਪਸੰਦ ਨਹੀਂ ਸੀ। ਇਸ ਕਾਰਨ ਉਸ ਨੇ ਹਸਪਤਾਲ ਆ ਕੇ ਬਲਜਿੰਦਰ ਕੌਰ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ।

ਤਬੀਅਤ ਖਰਾਬ ਹੋਣ ਤੇ ਜਦੋਂ ਜੋਤੀ ਮੌਕੇ ‘ਤੇ ਪੁੱਜੀ ਤਾਂ ਹਤਿਆਰੇ ਨੇ ਉਸ ‘ਤੇ ਵੀ ਹਮਲਾ ਕੀਤਾ, ਲੇਕਿਨ ਉਹ ਵਾਲ ਵਾਲ ਬਚ ਗਈ। ਹਾਲਾਂਕਿ ਹਤਿਆਰੇ ਨੇ ਅਪਣੇ ਵੱਲੋਂ ਤਾਂ ਜੋਤੀ ਦਾ ਕਤਲ ਕਰ ਦਿੱਤਾ ਸੀ। ਘਈ ਹਸਪਤਾਲ ਵਿਚ ਜ਼ੇਰੇ ਇਲਾਜ ਜੋਤੀ ਨੂੰ ਹੋਸ਼ ਆਉਣ ਤੋਂ ਬਾਅਦ ਪੁਲਿਸ ਨੇ ਉਸ ਦੇ ਬਿਆਨ ਦਰਜ ਕੀਤੇ। ਪੁਲਿਸ ਨੇ ਬਲਜਿੰਦਰ ਦੇ ਫੋਨ ਨੂੰ ਕਬਜ਼ੇ ਵਿਚ ਲਿਆ।

ਟੈਕਨੀਕਲ ਟੀਮ ਦੇ ਕੋਲੋਂ ਮੋਬਾਈਲ ਨੰਬਰਾਂ ਦੀ ਡਿਟੇਲ ਕਢਵਾਈ ਗਈ। ਜਿਸ ਸ਼ਖ਼ਸ ਨੇ ਬਲਜਿੰਦਰ ਕੌਰ ਦਾ ਕਤਲ ਕੀਤਾ ਉਸ ਦਾ ਬਲਜਿੰਦਰ ਨੇ ਮੰਗਣੀ ਹੋਣ ਤੋਂ ਬਾਅਦ ਹੀ ਨੰਬਰ ਬਲੌਕ ਕਰ ਦਿੱਤਾ ਸੀ। ਮੰਗਣੀ ਅਤੇ ਨੰਬਰ ਬਲੌਕ ਕਰਨ ਦੀ ਖੁੰਨਸ ਸ਼ਾਇਦ ਕਤਲ ਦਾ ਕਾਰਨ ਬਣੀ। ਪੁਲਿਸ ਨੇ ਮੁਲਜ਼ਮ ਨੂੰ ਫਤਿਹਗੜ੍ਹ ਸਾਹਿਬ ਤੋਂ ਕਾਬੂ ਕਰ ਲਿਆ। ਉਸ ਕੋਲੋਂ ਕਤਲ ਵਿਚ ਵਰਤਿਆ ਤੇਜ਼ਧਾਰ ਹਥਿਆਰ ਵੀ ਬਰਾਮਦ ਕੀਤਾ ਗਿਆ ਹੈ।