ਐਨ.ਆਰ.ਆਈ. ਗਾਖਲ ਬ੍ਰਾਦਰਜ਼ ਵਲੋਂ ਉਲੰਪਿਕ ’ਚ ਵਧੀਆ ਪ੍ਰਦਰਸ਼ਨ ਕਰਨ ’ਤੇ ਭਾਰਤੀ ਹਾਕੀ ਦੇ ਪੁਰਸ਼ ਤੇ ਮਹਿਲਾ ਖਿਡਾਰੀਆਂ ਨੂੰ 11 ਲੱਖ ਦਾ ਨਗਦ ਇਨਾਮ

0
6481

ਜਲੰਧਰ | ਟੋਕੀਓ ਉਲੰਪਿਕ ਵਿੱਚ ਭਾਰਤੀ ਹਾਕੀ ਟੀਮ ਦੇ ਪੁਰਸ਼ ਅਤੇ ਮਹਿਲਾ ਖਿਡਾਰੀਆਂ ਵਲੋਂ ਕੀਤੇ ਗਏ ਸ਼ਾਨਦਾਰ ਪ੍ਰਦਰਸ਼ਨ ਲਈ ਐਨ.ਆਰ.ਆਈ.ਅਮੋਲਕ ਸਿੰਘ ਗਾਖਲ ਵਲੋਂ 11 ਲੱਖ ਰੁਪਏ ਦਾ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਹ ਨਗਦ ਇਨਾਮ ਪੰਜਾਬ ਦੇ ਖੇਡ ਮੰਤਰੀ ਸ੍ਰ.ਪਰਗਟ ਸਿੰਘ ਵਲੋਂ ਐਤਵਾਰ ਨੂੰ ਤਕਸੀਮ ਕੀਤੇ ਗਏ।

ਇਸ ਮੌਕੇ ਅਮੋਲਕ ਸਿੰਘ ਗਾਖਲ ਨੇ ਕਿਹਾ ਕਿ ਹਾਕੀ ਖਿਡਾਰੀਆਂ ਵਲੋਂ ਕੀਤਾ ਗਿਆ ਇਹ ਸ਼ਾਨਦਾਰ ਪ੍ਰਦਰਸ਼ਨ ਦੇਸ਼ ਵਿੱਚ ਰਾਸ਼ਟਰੀ ਖੇਡ ਦੀ ਮੁੜ ਸ਼ਾਨ ਬਹਾਲੀ ਵਿੱਚ ਸਹਾਈ ਸਿੱਧ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਨਗਦ ਇਨਾਮ ਵਿਚੋਂ 5.5 ਲੱਖ ਰੁਪਏ ਦਾ ਇਨਾਮ ਪੁਰਸ਼ ਖਿਡਾਰੀਆਂ ਅਤੇ 5.5 ਲੱਖ ਰੁਪਏ ਮਹਿਲਾ ਖਿਡਾਰੀਆਂ ਨੂੰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਦੋਵਾਂ ਟੀਮਾਂ ਨੇ ਅਪਣੇ ਵਧੀਆ ਖੇਡ ਪ੍ਰਦਰਸ਼ਨ ਰਾਹੀਂ ਦੇਸ਼ ਨੂੰ ਮਾਨ ਮਹਿਸੂਸ ਕਰਵਾਇਆ ਹੈ।

ਉਨ੍ਹਾਂ ਕਿਹਾ ਕਿ ਇਸ ਸ਼ਾਨਦਾਰ ਪ੍ਰਦਰਸ਼ਨ ਨੂੰ ਦੇਸ਼ ਦੇ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਦੋਵਾਂ ਟੀਮਾਂ ਵਲੋਂ ਸਫ਼ਲਤਾ ਦੀ ਨਵੀਂ ਦਾਸਤਾਨ ਲਿਖੀ ਗਈ ਹੈ, ਜਿਸ ਨੂੰ ਸਭ ਵਲੋਂ ਹਮੇਸ਼ਾਂ ਯਾਦ ਰੱਖਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸ਼ਾਨਦਾਰ ਪ੍ਰਦਰਸ਼ਨ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਹਾਕੀ ਦੀ ਖੇਡ ਮੁੜ ਸੁਰਜੀਤੀ ਦੀ ਰਾਹ ’ਤੇ ਹੈ।

ਦੋਵਾਂ ਟੀਮਾਂ ਦੀ ਭਰਪੂਰ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਟੀਮ ਵਲੋਂ ਦੇਸ਼ ਦੇ ਮਹਾਨ ਉਲੰਪੀਅਨਾਂ ਵਲੋਂ ਸਿਰਜੀ ਗਈ ਵਿਰਾਸਤ ਨੂੰ ਕਾਇਮ ਰੱਖਿਆ ਗਿਆ ਹੈ। ਸ੍ਰੀ ਗਾਖਲ ਨੇ ਕਿਹਾ ਕਿ ਇਸ ਸ਼ਾਨਦਾਰ ਪ੍ਰਦਰਸ਼ਨ ਨੇ ਕੌਮੀ ਖੇਡ ਦੀ ਸ਼ਾਨ ਬਹਾਲੀ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ।
ਜ਼ਿਕਰਯੋਗ ਹੈ ਕਿ ਗਾਖਲ ਬ੍ਰਾਦਰਜ਼ ਵਲੋਂ ਹਾਕੀ ਖੇਡ ਨੂੰ ਉਤਸ਼ਾਹਿਤ ਕਰਨ ਲਈ ਵੱਡੇ ਪੱਧਰ ’ਤੇ ਸਹਿਯੋਗ ਕੀਤਾ ਜਾ ਰਿਹਾ ਹੈ। ਉਨ੍ਹਾਂ ਵਲੋਂ ਇਸ ਨੇਕ ਕਾਜ ਲਈ ਸੁਰਜੀਤ ਹਾਕੀ ਟੂਰਨਾਮੈਂਟ ਦੀ ਜੇਤੂ ਟੀਮ ਨੂੰ 5 ਲੱਖ ਰੁਪਏ ਦਾ ਇਨਾਮ ਵੀ ਦਿੱਤਾ ਗਿਆ ਹੈ।