ਹੁਣ ਪੰਜਾਬ ਦੇ ਮੰਤਰੀਆਂ ਨੂੰ ਪੱਲਿਓਂ ਦੇਣਾ ਪਵੇਗਾ ਮਹਿੰਗੇ ਹੋਟਲਾਂ ‘ਚ ਠਹਿਰਣ ਦਾ ਖਰਚਾ

0
566

ਚੰਡੀਗੜ੍ਹ। ਹੁਣ ਕੈਬਨਿਟ ਮੰਤਰੀਆਂ ਤੇ ਵਿਧਾਇਕਾਂ ਦਾ ਹੋਟਲਾਂ ਵਿਚ ਠਹਿਰਣ ਦਾ ਖਰਚਾ ਪੰਜਾਬ ਸਰਕਾਰ ਨਹੀਂ ਚੁੱਕੇਗੀ। ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕੁਝ ਦਿਨ ਪਹਿਲਾਂ ਇਹ ਐਲਾਨ ਕੀਤਾ ਸੀ। ਇਸ ਵਿਚ ਆਖਿਆ ਗਿਆ ਸੀ ਕਿ ਮੰਤਰੀ ਆਪਣੇ ਦੌਰਿਆਂ ਦੌਰਾਨ ਸਰਕਟ ਹਾਊਸਾਂ ਤੇ ਗੈਸਟ ਹਾਊਸਾਂ ਵਿਚ ਠਹਿਰਨਗੇ।

ਹੁਣ ਪੰਜਾਬ ਦੇ ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ ਨੇ ਸੂਬੇ ਦੇ ਡਿਪਟੀ ਕਮਿਸ਼ਨਰਾਂ, ਸਮੂਹ ਪ੍ਰਬੰਧਕੀ ਸਕੱਤਰਾਂ ਤੇ ਪ੍ਰਾਹੁਣਚਾਰੀ ਵਿਭਾਗ ਨੂੰ ਇਸ ਸਬੰਧੀ ਪੱਤਰ ਜਾਰੀ ਕਰ ਦਿੱਤਾ ਹੈ। ਇਸ ਤਹਿਤ ਹੁਣ ਹਰ ਵਿਧਾਇਕ ਤੇ ਮੰਤਰੀ ਲਈ ਪੰਜਾਬ ਦੇ ਦੌਰਿਆਂ ਦੌਰਾਨ ਜ਼ਰੂਰੀ ਕਰ ਦਿੱਤਾ ਗਿਆ ਹੈ ਕਿ ਉਹ ਸਰਕਾਰੀ/ਅਰਧ ਸਰਕਾਰੀ ਸਰਕਟ ਹਾਊਸਾਂ/ਗੈਸਟ ਹਾਊਸਾਂ ਵਿਚ ਠਹਿਰਨਗੇ।

ਜ਼ਿਲ੍ਹਿਆਂ ਦੇ ਦੌਰਿਆਂ ਦੌਰਾਨ ਸਰਕਾਰੀ ਸਰਕਟ ਹਾਊਸ/ ਗੈਸਟ ਹਾਊਸ ਉਪਲਬਧ ਨਾ ਹੋਣ ਦੀ ਸੂਰਤ ਵਿਚ ਵਿਧਾਇਕ ਜਾਂ ਮੰਤਰੀ ਨੂੰ ਆਪਣੇ ਪੱਧਰ ਉਤੇ ਪ੍ਰਬੰਧ ਕਰਨਾ ਹੋਵੇਗਾ। ਮਤਲਬ, ਵਿਧਾਇਕ ਜਾਂ ਮੰਤਰੀ ਆਪਣੇ ਪੱਲਿਓਂ ਖਰਚਾ ਕਰ ਕੇ ਹੋਟਲ ਵਿਚ ਠਹਿਰ ਸਕਦੇ ਹਨ ਪਰ ਸਰਕਾਰੀ ਖਜ਼ਾਨੇ ਵਿਚੋਂ ਕੋਈ ਪੈਸਾ ਹੋਟਲਾਂ ਦੇ ਖਰਚ ਲਈ ਨਹੀਂ ਚੁੱਕਿਆ ਜਾਵੇਗਾ।

ਉਚੇਰੀ ਸਿੱਖਿਆ ਬਾਰੇ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ‘ਆਪ’ ਸਰਕਾਰ ਦੀ ਇਹ ਪਹਿਲ ਜਿਥੇ ਖਜ਼ਾਨੇ ਲਈ ਸਹਾਈ ਹੋਵੇਗੀ, ਉਥੇ ਸਰਕਟ ਹਾਊਸਾਂ ਦੀ ਪੁਰਾਣੀ ਸ਼ਾਨੋ ਸ਼ੌਕਤ ਨੂੰ ਵੀ ਬਹਾਲ ਹੋਵੇਗੀ।