ਫਰੀਦਕੋਟ, 8 ਦਸੰਬਰ | CM ਮਾਨ ਸ਼ੁੱਕਰਵਾਰ ਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਗੋਲਡਨ ਜੁਬਲੀ ਸਮਾਰੋਹ ਅਤੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼ ਦੇ ਸਿਲਵਰ ਜੁਬਲੀ ਸਮਾਰੋਹ ਵਿਚ ਸ਼ਾਮਲ ਹੋਏ। ਇਸ ਦੌਰਾਨ ਉਨ੍ਹਾਂ ਉੱਤਰੀ ਭਾਰਤ ਵਿਚ ਅਤਿ-ਆਧੁਨਿਕ ਸਹੂਲਤਾਂ ਵਾਲੇ ਮਦਰ ਐਂਡ ਚਾਈਲਡ ਵਿੰਗ ਦਾ ਉਦਘਾਟਨ ਕੀਤਾ ਅਤੇ ਵੱਖ-ਵੱਖ ਪ੍ਰਾਜੈਕਟਾਂ ਦਾ ਨੀਂਹ- ਪੱਥਰ ਰੱਖਿਆ। ਇਸ ਤੋਂ ਇਲਾਵਾ ਉਨ੍ਹਾਂ 250 ਨਰਸਿੰਗ ਅਫਸਰਾਂ ਨੂੰ ਨਿਯੁਕਤੀ ਪੱਤਰ ਵੀ ਸੌਂਪੇ।
ਆਪਣੇ ਸੰਬੋਧਨ ਵਿਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਰਕਾਰ ਆਪਣਾ ਕੰਮ ਪੂਰੀ ਪਾਰਦਰਸ਼ਤਾ ਨਾਲ ਕਰ ਰਹੀ ਹੈ ਅਤੇ ਲਗਭਗ ਹਰ ਹਫ਼ਤੇ ਕਿਸੇ ਨਾ ਕਿਸੇ ਵਿਭਾਗ ਵਿਚ ਬੇਰੋਜ਼ਗਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾ ਰਹੇ ਹਨ। ਇਥੇ ਵੀ 10 ਹਜ਼ਾਰ ਨੌਜਵਾਨਾਂ ਨੇ ਪੇਪਰ ਦਿੱਤਾ ਸੀ ਜਿਨ੍ਹਾਂ ਵਿਚੋਂ 250 ਦੀ ਚੋਣ ਕੀਤੀ ਗਈ।
ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਸੂਬੇ ਵਿਚ ਬਿਨਾਂ ਕਿਸੇ ਸਿਫ਼ਾਰਿਸ਼, ਪੈਸੇ ਅਤੇ ਬਿਨਾਂ ਕਿਸੇ ਲਾਬੀ ਦੇ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਨੌਜਵਾਨਾਂ ਨੂੰ 75 ਸਾਲਾਂ ਵਿਚ ਨੌਕਰੀ ਦਾ ਇਕ ਵੀ ਮੌਕਾ ਨਹੀਂ ਮਿਲਦਾ ਸੀ ਅਤੇ ਹੁਣ ਇਕ ਸਾਲ ਵਿਚ ਤਿੰਨ ਮੌਕੇ ਮਿਲ ਰਹੇ ਹਨ। ਇਹੀ ਕਾਰਨ ਹੈ ਕਿ ਅਜਿਹੇ ਨੌਜਵਾਨ ਅੱਗੇ ਆ ਰਹੇ ਹਨ ਜੋ ਵੱਖ-ਵੱਖ ਵਿਭਾਗਾਂ ਵਿਚ ਭਰਤੀ ਹੋਏ ਅਤੇ ਵਧੀਆ ਨੌਕਰੀ ਦੀ ਚੋਣ ਕੀਤੀ। ਉਨ੍ਹਾਂ ਕਿਹਾ ਕਿ ਪਹਿਲੇ ਲੋਕਾਂ ਅਤੇ ਸਾਡੇ ਵਿਚ ਇਹੀ ਫਰਕ ਹੈ।
ਉਨ੍ਹਾਂ ਕਿਹਾ ਕਿ ਇਹ ਮੁੱਖ ਮੰਤਰੀ ਦੇ ਸ਼ਾਸਨ ਦੀ ਗੱਲ ਨਹੀਂ ਹੈ, ਸਗੋਂ ਇਹ ਗੱਲ ਹੈ ਕਿ ਪੰਜ ਸਾਲਾਂ ਵਿਚ ਸੂਬੇ ਦੇ ਲੋਕਾਂ ਦਾ ਜੀਵਨ ਪੱਧਰ ਕਿੰਨਾ ਬਦਲਿਆ ਹੈ, ਆਰਥਿਕ ਸਥਿਤੀ ਵਿਚ ਕੀ ਬਦਲਾਅ ਆਇਆ ਹੈ, ਕਿੰਨਾ ਨਿਵੇਸ਼ ਹੋਇਆ ਹੈ ਅਤੇ ਕਿੰਨੇ ਲੋਕਾਂ ਨੂੰ ਰੋਜ਼ਗਾਰ ਮਿਲਿਆ ਹੈ। ਇਹ ਦੇਖਣਾ ਮੁੱਖ ਮੰਤਰੀ ਦਾ ਕੰਮ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਹ ਸਖ਼ਤ ਮਿਹਨਤ ਕਰ ਰਹੇ ਹਨ ਪਰ ਸਿਸਟਮ ਨੂੰ ਸੁਧਾਰਨ ਵਿਚ ਕੁਝ ਸਮਾਂ ਲੱਗੇਗਾ ਕਿਉਂਕਿ ਇਸ ਨੂੰ ਵਿਗੜਿਆਂ 75 ਸਾਲ ਹੋ ਗਏ ਹਨ। ਉਨ੍ਹਾਂ ਨਵ-ਨਿਯੁਕਤ ਕਰਮਚਾਰੀਆਂ ਨੂੰ ਅਪੀਲ ਕੀਤੀ ਕਿ ਉਹ ਪੂਰੀ ਈਮਾਨਦਾਰੀ ਨਾਲ ਕੰਮ ਕਰਕੇ ਲੋਕਾਂ ਦਾ ਆਸ਼ੀਰਵਾਦ ਲੈਣ।