ਹੁਣ ਅਡਾਨੀ ਦੀ ਬੰਦਰਗਾਹ ਰਾਹੀਂ ਪੰਜਾਬ ‘ਚ ਆਵੇਗਾ ਕੋਲਾ, ਬਿਜਲੀ ਮੰਤਰੀ ਬੋਲੇ – ਕੇਂਦਰ ਸਰਕਾਰ ਕਰ ਰਹੀ ਧੱਕਾ

0
1006

ਚੰਡੀਗੜ੍ਹ | ਪੰਜਾਬ ਦੇ ਥਰਮਲ ਪਲਾਂਟ ਲਈ ਝਾਰਖੰਡ ਦੀ ਪਚਵਾਰਾ ਮਾਈਨ ਦਾ ਕੋਲਾ ਹੁਣ 4,000 ਐਕਸਟ੍ਰਾ ਕਿਲੋਮੀਟਰ ਦਾ ਸਫਰ ਕਰਕੇ ਆਏਗਾ। ਇਹ ਕੋਲਾ ਝਾਰਖੰਡ ਦੀ ਕੋਲ ਮਾਈਨ ਤੋਂ ਪਹਿਲਾਂ ਸ਼੍ਰੀਲੰਕਾ ਜਾਏਗਾ ਤੇ ਇਸ ਦੇ ਬਾਅਦ ਉਥੋਂ ਗੁਜਰਾਤ ਵਿਚ ਅਡਾਨੀ ਗਰੁੱਪ ਦੇ ਮੁੰਦਰਾ ਪੋਰਟ ‘ਤੇ ਪਹੁੰਚੇਗਾ। ਮੁੰਦਰਾ ਪੋਰਟ ਨਾਲ ਇਸ ਕੋਲੇ ਨੂੰ ਰੇਲ ਜ਼ਰੀਏ ਪੰਜਾਬ ਲਿਆਂਦਾ ਜਾਵੇਗਾ।

ਕੇਂਦਰ ਨੇ ਕੋਲਾ ਸਪਲਾਈ ਦੇ ਇਸ ਪੂਰੇ ਰੂਟ ਨੂੰ ‘ਰੇਲ ਸ਼ਿਪ ਰੇਲ’ ਨਾਂ ਦਿੱਤਾ ਹੈ। ਕੇਂਦਰੀ ਊਰਜਾ ਮੰਤਰਾਲੇ ਦੇ ਜੁਆਇੰਟ ਸੈਕ੍ਰੇਟਰੀ ਵੱਲੋਂ ਇਸ ਸਬੰਧੀ ਪੰਜਾਬ ਸਰਕਾਰ ਨੂੰ ਚਿੱਠੀ ਭੇਜੀ ਗਈ ਹੈ। ਇਸ ਨਵੇਂ ਰੂਟ ਦੀ ਵਜ੍ਹਾ ਨਾਲ ਪੰਜਾਬ ਸਰਕਾਰ ਨੂੰ ਇਕ ਟਨ ਕੋਲੇ ਲਈ ਲਗਭਗ 1800 ਰੁਪਏ ਵਾਧੂ ਚੁਕਾਉਣੇ ਪੈਣਗੇ।
ਚਿੱਠੀ ਵਿਚ ਕੇਂਦਰੀ ਊਰਜਾ ਮੰਤਰਾਲੇ ਨੇ ਪੰਜਾਬ ਸਰਕਾਰ ਨੂੰ ਨਿਰਦੇਸ਼ ਦਿੱਤਾ ਹੈ ਕਿ ਜੇਕਰ ਉਹ ਪੂਰਬੀ ਭਾਰਤ ਤੋਂ ਆਪਣੇ ਸੂਬੇ ਦੇ ਥਰਮਲ ਪਲਾਂਟ ਲਈ ਕੋਲਾ ਲਿਆਉਣਾ ਚਾਹੁੰਦੀ ਹੈ ਤਾਂ ਉਸ ਨੂੰ ਪਹਿਲਾਂ ਝਾਰਖੰਡ ਤੋਂ ਸਮੁੰਦਰ ਦੇ ਰਸਤੇ ਸ਼੍ਰੀਲੰਕਾ ਕੋਲ ਇਕ ਬੰਦਰਗਾਹ ਤੱਕ ਲੈ ਜਾਏ ਤੇ ਉਥੋਂ ਉਸ ਨੂੰ ਗੁਜਰਾਤ ਦੇ ਮੁੰਦਰਾ ਪੋਰਟ ਤੱਕ ਲਿਆਏ। ਮੁੰਦਰਾ ਪੋਰਟ ਤੋਂ ਇਹ ਕੋਲਾ ਰੇਲ ਜ਼ਰੀਏ ਪੰਜਾਬ ਲਿਆਂਦਾ ਜਾਵੇ।

ਇਸੇ ਦਰਮਿਆਨ ਕੇਂਦਰ ਦੀ ਇਸ ਨਵੀਂ ਆਰਐੱਸਆਰ ਯੋਜਨਾ ਖਿਲਾਫ ਪੰਜਾਬ ਦੀ ਆਪ ਸਰਕਾਰ ਤੇ ਸੂਬੇ ਦੇ ਕਾਂਗਰਸੀ ਨੇਤਾਵਾਂ ਨੇ ਮੋਰਚਾ ਖੋਲ੍ਹ ਦਿੱਤਾ ਹੈ। ਉਨ੍ਹਾਂ ਨੇ ਇਸ ਨੂੰ ਪੰਜਾਬ ਦੀ ਜਨਤਾ ‘ਤੇ ਵਾਧੂ ਬੋਝ ਦੱਸਿਆ। ਸੂਬਾ ਸਰਕਾਰ ਦਾ ਕਹਿਣਾ ਹੈ ਕਿ ਇਸ ਨਾਲ ਕੋਲੇ ਦਾ ਰੇਟ ਸਿੱਧੇ ਤੌਰ ‘ਤੇ ਤਿੰਨ ਗੁਣਾ ਵਧ ਜਾਵੇਗਾ।

ਇਸ ਸਮੇਂ ਪੰਜਾਬ ਸਰਕਾਰ ਦੀ ਮਹਾਨਦੀ ਕੋਲਫੀਲਡਸ ਲਿਮਟਿਡ ਤੋਂ ਰੇਲ ਜ਼ਰੀਏ ਕੋਲਾ ਮੰਗਵਾਉਣ ‘ਤੇ 4950 ਰੁਪਏ ਦੇਣੇ ਪੈਂਦੇ ਹਨ। ਇਸ ਰੂਟ ਨਾਲ ਕੋਲਾ ਰੇਲਵੇ ਜਰੀਏ 1800 ਕਿਲੋਮੀਟਰ ਦਾ ਸਫਰ ਤੈਅ ਕਰਕੇ 5 ਤੋਂ 6 ਦਿਨ ਵਿਚ ਪੰਜਾਬ ਪਹੁੰਚ ਜਾਂਦਾ ਹੈ। ਕੇਂਦਰ ਦੇ ਨਵੇਂ ਰੂਟ ਵਿਚ ਇਹ ਸਫਰ ਵਧ ਕੇ 5800 ਕਿਲੋਮੀਟਰ ਹੋ ਜਾਵੇਗਾ। ਪ੍ਰਤੀ ਟਨ ਕੋਲੇ ਦੀ ਲਾਗਤ ਵੀ 6750 ਰੁਪਏ ਹੋ ਜਾਵੇਗੀ। ਸਮਾਂ ਵਿਚ 5-6 ਤੋਂ ਵੱਧ ਕੇ 20-25 ਦਿਨ ਦਾ ਹੋ ਜਾਵੇਗਾ।