ਸ੍ਰੀ ਅਨੰਪੁਰ ਸਾਹਿਬ (ਦਵਿੰਦਰਪਾਲ ਸਿੰਘ) | ਅਕਸਰ ਆਪਣੇ ਕੰਮਾਂ ਕਰਕੇ ਸੁਰਖੀਆਂ ‘ਚ ਰਹਿਣ ਵਾਲਾ ਨੀਟੂ ਸ਼ਟਰਾਂ ਵਾਲਾ ਅੱਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੁੱਜਾ, ਜਿਥੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਐਲਾਨ ਕੀਤਾ ਕਿ ਉਹ ਆਜ਼ਾਦ ਸੋਚ ਪਾਰਟੀ ਬਣਾ ਕੇ ਜਲਦ ਆਉਂਦੀਆਂ ਚੋਣਾਂ ਲਈ ਆਪਣੀ ਰਣਨੀਤੀ ਬਣਾਏਗਾ ਤੇ ਉਮੀਦਵਾਰਾਂ ਦਾ ਐਲਾਨ ਕਰੇਗਾ।
ਪੰਜਾਬ ਦੇ ਮੌਜੂਦਾ ਹਾਲਾਤ ਬਾਰੇ ਨੀਟੂ ਸ਼ਟਰਾਂ ਵਾਲੇ ਨੇ ਕਿਹਾ ਕਿ ਪੰਜਾਬ ਵਿੱਚ ਨਸ਼ੇ ਅਜੇ ਵੀ ਵਿਕ ਰਹੇ ਹਨ, ਜਿਸ ਦੇ ਲਈ ਨਸ਼ਾ ਰੋਕੂ ਸੈਂਟਰ ਵੱਧ ਖੁੱਲ੍ਹਣੇ ਚਾਹੀਦੇ ਹਨ ਅਤੇ ਬੰਦ ਨਹੀਂ ਕਰਨੇ ਚਾਹੀਦੇ।
ਕਿਸਾਨੀ ਸੰਘਰਸ਼ ਬਾਰੇ ਗੱਲ ਕਰਦਿਆਂ ਨੀਟੂ ਨੇ ਕਿਹਾ ਕਿ ਉਨ੍ਹਾਂ ਦੀ ਨਵੀਂ ਪਾਰਟੀ ਕਿਸਾਨਾਂ ਤੇ ਕਿਸਾਨੀ ਦੀ ਗੱਲ ਕਰੇਗੀ। ਉਨ੍ਹਾਂ ਕੇਂਦਰ ਸਰਕਾਰ ‘ਤੇ ਵੀ ਤਿੱਖਾ ਨਿਸ਼ਾਨਾ ਸਾਧਦਿਆਂ ਕਿਹਾ ਕਿ ਮੋਦੀ ਸਰਕਾਰ ਨੇ ਲੋਕਾਂ ‘ਤੇ ਅੱਤਿਆਚਾਰ ਕੀਤਾ ਹੈ ਅਤੇ ਕਿਸਾਨਾਂ ਦੀ ਬਾਂਹ ਨਹੀਂ ਫੜੀ।
ਨੀਟੂ ਸ਼ਟਰਾਂ ਵਾਲਾ ਨੇ ਕਿਹਾ ਕਿ ਉਹ ਗੀਤਾਂ ਦੀ ਫੈਕਟਰੀ ਹੈ ਤੇ ਸਿੱਧੂ ਮੂਸੇ ਵਾਲਾ ਉਸ ਦੇ ਗੀਤਾਂ ਨੂੰ ਤੋੜ-ਮਰੋੜ ਕੇ ਲੋਕਾਂ ਸਾਹਮਣੇ ਪੇਸ਼ ਕਰਦਾ ਹੈ। ਉਸ ਨੇ ਕਿਹਾ ਕਿ ਉਸ ਦੀ ਫ਼ਿਲਮ ਵੀ ਰਿਲੀਜ਼ ਹੋ ਚੁੱਕੀ ਹੈ ਤੇ ਜਲਦ ਹੀ ਹੋਰ ਗਾਣੇ ਵੀ ਰਿਲੀਜ਼ ਹੋਣਗੇ।
ਨੀਟੂ ਸ਼ਟਰਾਂ ਵਾਲੇ ਨੇ ਕਿਹਾ ਕਿ ਉਸ ਦਾ ਅਸਲੀ ਕੰਮ ਤਾਂ ਰਾਜਨੀਤੀ ਹੈ, ਪਤਾ ਨਹੀਂ ਕਿਸ ਤਰ੍ਹਾਂ ਉਸ ਨੂੰ ਕਿਸਮਤ ਗਾਇਕੀ ਵਾਲੇ ਪਾਸੇ ਲੈ ਗਈ ਪਰ ਹੁਣ ਉਹ ਰਾਜਨੀਤੀ ਵਿੱਚ ਵੱਡੇ ਕੀਰਤੀਮਾਨ ਸਥਾਪਿਤ ਕਰੇਗਾ।