ਨਿਤਿਸ਼ ਸਰਕਾਰ ਨੇ ਜਿੱਤਿਆ ਫਲੋਰ ਟੈਸਟ, ਹੱਕ ‘ਚ ਪਈਆਂ 129 ਵੋਟਾਂ, ਵਿਰੋਧੀ ਧਿਰ ਨੇ ਕੀਤਾ ਵਾਕਆਊਟ

0
363

ਬਿਹਾਰ, 12 ਫਰਵਰੀ | ਬਿਹਾਰ ਵਿਧਾਨ ਸਭਾ ਵਿਚ ਨਿਤਿਸ਼ ਕੁਮਾਰ ਨੇ ਭਰੋਸਗੀ ਮਤਾ ਹਾਸਲ ਕਰ ਲਿਆ ਹੈ। NDA ਸਰਕਾਰ ਦੇ ਪੱਖ ਵਿਚ 129 ਵੋਟਾਂ ਪਈਆਂ ਹਨ ਜਦੋਂਕਿ ਵਿਰੋਧੀ ਧਿਰ ਨੇ ਇਸ ਤੋਂ ਪਹਿਲਾਂ ਹੀ ਸਦਨ ਤੋਂ ਵਾਕਆਊਟ ਕਰ ਲਿਆ। ਵਿਧਾਨ ਸਭਾ ਦੀ ਕਾਰਵਾਈ ਦੌਰਾਨ RJD ਦੇ 3 ਵਿਧਾਇਕਾਂ ਨੇ ਪਾਲਾ ਬਦਲ ਕੇ ਕ੍ਰਾਸ ਵੋਟਿੰਗ ਕੀਤੀ।

ਭਰੋਸਗੀ ਮਤੇ ‘ਤੇ ਵੋਟਿੰਗ ਦੇ ਨਤੀਜੇ ਆਰਜੇਡੀ, ਕਾਂਗਰਸ ਤੇ ਲੈਫਟ ਗਠਜੋੜ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਦਰਅਸਲ ਆਨੰਦ ਮੋਹਨ ਦੇ ਬੇਟੇ ਤੇ ਆਰਜੇਡੀ ਵਿਧਾਇਕ ਚੇਤਨ ਆਨੰਦ, ਨੀਲਮ ਦੇਵੀ ਤੇ ਪ੍ਰਹਿਲਾਦ ਯਾਦਵ ਵੋਟਿੰਗ ਤੋਂ ਪਹਿਲਾਂ ਸੱਤਾਧਾਰੀ ਪੱਖ ਦੇ ਖੇਮੇ ਵਿਚ ਜਾ ਕੇ ਬੈਠ ਗਏ। ਇਸ ਤੋਂ ਸਾਫ ਹੋ ਗਿਆ ਕਿ ਨਿਤਿਸ਼ ਕੁਮਾਰ ਆਸਾਨੀ ਨਾਲ ਬਹੁਮਤ ਹਾਸਲ ਕਰ ਲੈਣਗੇ।

ਬਿਹਾਰ ਵਿਚ NDA ਕੋਲ 128 ਵਿਧਾਇਕ ਸਨ। ਇਕ ਵੋਟ ਵਿਧਾਨ ਸਭਾ ਸਪੀਕਰ ਦਾ ਘੱਟ ਹੋਇਆ। ਇਕ ਵਿਧਾਇਕ ਦਿਲੀਪ ਰਾਏ ਵਿਧਾਨ ਸਭਾ ਨਹੀਂ ਪਹੁੰਚ ਸਕੇ। ਅਜਿਹੇ ਵਿਚ ਇਹ ਗਿਣਤੀ 126 ਹੋ ਗਈ। ਇਸ ਵਿਚ ਤਿੰਨ RJD ਵਿਧਾਇਕਾਂ ਦਾ ਸਮਰਥਨ ਜੁੜਨ ਨਾਲ ਪੱਖ ਵਿਚ ਵੋਟ ਕਰਨ ਵਾਲਿਆਂ ਦੀ ਗਿਣਤੀ 129 ਹੋ ਗਈ।

ਵੋਟਿੰਗ ਤੋਂ ਠੀਕ ਪਹਿਲਾਂ ਜੇਡੀਯੂ ਤੇ ਭਾਜਪਾ ਦੇ ਨਾਰਾਜ਼ ਵਿਧਾਇਕਾਂ ਨੇ ਵੀ ਆਪਣਾ ਰੁਖ਼ ਬਦਲਿਆ ਤੇ ਵਿਧਾਨ ਸਭਾ ਦੀ ਕਾਰਵਾਈ ਵਿਚ ਹਿੱਸਾ ਲੈਣ ਲਈ ਪਹੁੰਚੇ। ਵਿਧਾਨ ਸਭਾ ਦੀ ਕਾਰਵਾਈ ਸ਼ੁਰੂ ਹੋਣ ਦੇ ਬਾਅਦ ਭਾਜਪਾ ਤੋਂ ਤਿੰਨ ਵਿਧਾਇਕ ਰਸ਼ਿਮ ਵਰਮਾ, ਭਾਗੀਰਥੀ ਦੇਵੀ ਤੇ ਮਿਸ਼ਰੀਲਾਲ ਯਾਦਵ ਪਹੁੰਚੇ। ਬਾਅਦ ਵਿਚ ਜੇਡੀਯੂ ਦੇ ਵਿਧਾਇਕ ਬੀਮਾ ਭਾਰਤੀ ਵੀ ਵਿਧਾਨ ਸਭਾ ਪਹੁੰਚੀ। ਚਾਰੋਂ ਨੇਤਾਵਾਂ ਨੇ ਭਰੋਸਗੀਮਤੇ ਦੇ ਸਮਰਥਨ ਵਿਚ ਵੋਟ ਕੀਤੇ।

ਭਰੋਸਗੀ ਮਤੇ ‘ਤੇ ਵੋਟਿੰਗ ਤੋਂ ਪਹਿਲਾਂ ਵਿਧਾਨ ਸਭਾ ਦੇ ਸਪੀਕਰ ਅਵਧ ਬਿਹਾਰੀ ਚੌਧਰੀ ਨੂੰ ਹਟਾਉਣ ਲਈ ਪ੍ਰਸਤਾਵ ਲਿਆਂਦਾ ਗਿਆ। NDA ਵੱਲੋਂ ਪ੍ਰਧਾਨ ਖਿਲਾਫ ਪੇਸ਼ ਕੀਤੇ ਗਏ ਭਰੋਸਗੀ ਮਤੇ ਨੂੰ 243 ਮੈਂਬਰੀ ਵਿਧਾਨ ਸਭਾ ਵਿਚ 125 ਵਿਧਾਇਕਾਂ ਦਾ ਸਮਰਥਨ ਮਿਲਿਆ ਜਦੋਂ ਕਿ 112 ਮੈਂਬਰਾਂ ਨੇ ਇਸ ਖਿਲਾਫ ਵੋਟ ਪਾਈ।