ਨਿੱਕੂ ਪਾਰਕ ‘ਚ ਲੱਗਣਗੇ 32 ਸੀਸੀਟੀਵੀ ਕੈਮਰੇ, ਸਾਰੇ ਝੂਲਿਆਂ ਦੀ ਹੋਵੇਗੀ ਮੁਰੰਮਤ

0
6187

ਜਲੰਧਰ | ਨਿੱਕੂ ਪਾਰਕ ਨੂੰ ਵਿਸ਼ੇਸ਼ ਕਰਕੇ ਬੱਚਿਆਂ ਨੂੰ ਇਥੇ ਫੁੱਟਬਾਲ ਖੇਡਣ ਲਈ ਉਤਸ਼ਾਹਿਤ ਕਰਨ ਲਈ ਨਵੀਂ ਦਿੱਖ ਦੇਣ ਦੀਆਂ ਆਪਣੀਆਂ ਯੋਜਨਾਵਾਂ ਅਮਲੀ ਜਾਮਾ ਪਹਿਨਾਉਂਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਪਾਰਕ ਦੀ ਦੇਖਭਾਲ ਕਰਨ ਵਾਲੀ ਹਾਈ ਪਾਵਰ ਕਮੇਟੀ ਨੂੰ 32 ਸੀਸੀਟੀਵੀ ਕੈਮਰੇ ਲਗਾਉਣ, ਸਮੁੱਚੇ ਝੂਲਿਆਂ ਦੀ ਮੁਰੰਮਤ ਅਤੇ ਪੇਂਟਿੰਗ ਦੇ ਕੰਮ ਨੂੰ ਇਕ ਮਹੀਨੇ ਵਿੱਚ ਮੁਕੰਮਲ ਕਰਨ ਦੇ ਆਦੇਸ਼ ਦਿੱਤੇ।

29 ਦਸੰਬਰ, 2020 ਨੂੰ ਡਿਪਟੀ ਕਮਿਸ਼ਨਰ ਨੇ ਆਪਣੀ ਫੇਰੀ ਦੌਰਾਨ ਹਾਈ ਪਾਵਰ ਕਮੇਟੀ ਨੂੰ ਨਿੱਕੂ ਪਾਰਕ ਦੀ ਨੁਹਾਰ ਬਦਲਣ ਲਈ 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਸੀ।

ਅਧਿਕਾਰੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਥੋਰੀ ਨੇ ਹਦਾਇਤ ਕੀਤੀ ਕਿ ਪਾਰਕ ਵਿਚਲੇ ਸਮੁੱਚੇ ਕਾਰਜਾਂ ਨੂੰ ਸਮੇਂ ਸਿਰ ਮੁਕੰਮਲ ਕੀਤੇ ਜਾਣਾ ਯਕੀਨੀ ਬਣਾਇਆ ਜਾਵੇ ਕਿਉਂਕਿ ਇਹ ਸ਼ਹਿਰ ਅਤੇ ਇਥੋਂ ਦੇ ਲੋਕਾਂ ਲਈ ਇਕ ਕੀਮਤੀ ਸੰਪਤੀ ਹੈ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬੰਜੀ ਜੰਪਿੰਗ, ਬਰੇਕਡਾਂਸ ਬੁੱਲ ਰਾਈਡ, ਫਰੋਗ ਰਾਈਡ ਸਮੇਤ ਹੋਰ ਝੂਲਿਆਂ ਦੀ ਮੁਰੰਮਤ ਕੀਤੀ ਜਾਵੇਗੀ, ਜਿਸ ਲਈ ਹਾਈ ਪਾਵਰ ਕਮੇਟੀ ਵੱਲੋਂ ਪਹਿਲਾਂ ਹੀ ਪ੍ਰਾਈਵੇਟ ਕੰਪਨੀ ਨੂੰ ਸੱਦਾ ਦਿੱਤਾ ਗਿਆ ਹੈ।

ਉਨ੍ਹਾਂ ਕਿਹਾ ਕਿ 32 ਸੀਸੀਟੀਵੀ ਕੈਮਰੇ ਲਗਾਉਣ, ਪਾਰਕ ਦੀ ਚਾਰਦੀਵਾਰੀ ਅਤੇ ਪਾਰਕ ਵਿਚਲੇ ਹੋਰ ਢਾਂਚਿਆਂ ਦੀ ਪੇਂਟਿੰਗ, ਫਲੱਡ ਲਾਈਟਾਂ, ਘਾਹ ਕੱਟਣ ਵਾਲੀਆਂ ਨਵੀਂਆਂ ਮਸ਼ੀਨਾਂ ਅਤੇ ਬਾਥਰੂਮਾਂ ਦੀ ਮੁਰੰਮਤ ਦਾ ਕੰਮ ਇਕੋ ਸਮੇਂ ਕੀਤਾ ਜਾਵੇਗਾ।

ਥੋਰੀ ਨੇ ਕਿਹਾ ਕਿ ਉਹ ਇਨ੍ਹਾਂ ਕੰਮਾਂ ‘ਤੇ ਨਜ਼ਰ ਰੱਖਣਗੇ ਤਾਂ ਜੋ ਪਾਰਕ ਦੀ ਸਹੀ ਤਰ੍ਹਾਂ ਸਾਂਭ-ਸੰਭਾਲ ਕੀਤੀ ਜਾ ਸਕੇ ਅਤੇ ਲੋਕ ਤੇ ਬੱਚੇ ਬਿਨਾਂ ਕਿਸੇ ਪ੍ਰੇਸ਼ਾਨੀ ਤੋਂ ਪਾਰਕ ਵਿਚ ਅਨੰਦ ਲੈਂਦੇ ਰਹਿਣ।

ਇਸ ਮੌਕੇ ਕਮੇਟੀ ਦੇ ਮੁਖੀ ਜੁਆਇੰਟ ਕਮਿਸ਼ਨਰ, ਐਮਸੀ ਹਰਚਰਨ ਸਿੰਘ, ਜੀਓਜੀ, ਜਲੰਧਰ ਦੇ ਮੁਖੀ ਮੇਜਰ ਜਨਰਲ (ਸੇਵਾਮੁਕਤ) ਬਲਵਿੰਦਰ ਸਿੰਘ ਅਤੇ ਹੋਰ ਹਾਜ਼ਰ ਸਨ।