ਅੰਮ੍ਰਿਤਸਰ । ਪੰਜਾਬੀ ਗਾਇਕ ਇੰਦਰਜੀਤ ਨਿੱਕੂ ਵੀਡੀਓ ਵਿਵਾਦ ਤੋਂ ਬਾਅਦ ਪਹਿਲੀ ਵਾਰ ਆਪਣੇ ਪਰਿਵਾਰ ਸਮੇਤ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ। ਇੱਥੇ ਉਨ੍ਹਾਂ ਨੇ ਪਰਿਵਾਰ ਸਮੇਤ ਮੱਥਾ ਟੇਕਿਆ ਅਤੇ ਆਪਣੀ ਗਲਤੀ ਮੰਨਦਿਆਂ ਗੁਰੂਆਂ ਦੀ ਸ਼ਰਨ ਵਿੱਚ ਆਉਣ ਦੀ ਗੱਲ ਕਹੀ। ਇਸ ਦੇ ਨਾਲ ਹੀ ਦੁਨੀਆ ਭਰ ਤੋਂ ਮਿਲ ਰਹੇ ਪਿਆਰ ਲਈ ਧੰਨਵਾਦ ਵੀ ਕੀਤਾ ।
ਨਿੱਕੂ ਮੰਗਲਵਾਰ ਦੇਰ ਰਾਤ ਹਰਿਮੰਦਰ ਸਾਹਿਬ ਪਹੁੰਚੇ ਅਤੇ ਉਨ੍ਹਾਂ ਨੇ ਕਾਫੀ ਸਮਾਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਬਿਤਾਇਆ। ਗਾਇਕ ਨਿੱਕੂ ਨੇ ਕਿਹਾ ਕਿ ਗੁਮਰਾਹ ਵਿਅਕਤੀ ਆਪਣੀ ਮੰਜ਼ਿਲ ‘ਤੇ ਪਹੁੰਚ ਹੀ ਜਾਂਦਾ ਹੈ । ਅੱਜ ਮੈਂ ਬਾਬੇ ਨਾਨਕ ਦੇ ਦਰ ‘ਤੇ ਪਹੁੰਚਿਆ ਹਾਂ। ਉਨ੍ਹਾਂ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕ ਉਨ੍ਹਾਂ ਨੂੰ ਫੋਨ ਕਰ ਕੇ ਮਦਦ ਦੀ ਪੇਸ਼ਕਸ਼ ਕਰ ਰਹੇ ਹਨ । ਉਨ੍ਹਾਂ ਨੇ ਕਿਹਾ ਕਿ ਮੈਨੂੰ ਪੈਸੇ ਨਹੀਂ ਚਾਹੀਦੇ । ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਦੇ ਜਾਲ ਵਿੱਚ ਫਸ ਕੇ ਕਿਸੇ ਵੀ ਫਰਜ਼ੀ ਵਿਅਕਤੀ ਦੇ ਖਾਤੇ ਵਿੱਚ ਪੈਸੇ ਨਾ ਪਾ ਦੇਣ।
ਇਸ ਤੋਂ ਅੱਗੇ ਉਨ੍ਹਾਂ ਨੇ ਦੱਸਿਆ ਕਿ ਵੀਡੀਓ ਵਾਇਰਲ ਹੋਣ ਤੋਂ ਬਾਅਦ ਕੁਝ ਲੋਕਾਂ ਨੇ ਉਸ ਦਾ ਵਿਰੋਧ ਕੀਤਾ ਸੀ, ਪਰ ਗੁਰੂ ਸਾਹਿਬਾਨ ਦੀ ਬਖਸ਼ਿਸ਼ ਸਦਕਾ ਪੂਰੀ ਦੁਨੀਆ ਤੋਂ ਉਨ੍ਹਾਂ ਨੂੰ ਪਿਆਰ ਮਿਲ ਰਿਹਾ ਹੈ । ਉਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਦੌਰਾਨ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਆਪਣੇ ਫ਼ੈਨਜ ਲਈ ਅਰਦਾਸ ਕੀਤੀ।
ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਇੰਦਰਜੀਤ ਨਿੱਕੂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ, ਜਿਸ ਵਿੱਚ ਉਹ ਇੱਕ ਡੇਰੇ ਦੇ ਅੰਦਰ ਇੱਕ ਬਾਬੇ ਅੱਗੇ ਮੱਥਾ ਟੇਕ ਰਿਹਾ ਸੀ। ਇਸ ਵੀਡੀਓ ਵਿੱਚ ਇੰਦਰਜੀਤ ਨਿੱਕੂ ਨੇ ਬਾਬੇ ਤੋਂ ਕੰਮ ਨਾ ਮਿਲਣ ਦਾ ਦਰਦ ਜ਼ਾਹਿਰ ਕੀਤਾ । ਇਸ ਵੀਡੀਓ ਵਿੱਚ ਨਿੱਕੂ ਬਾਬੇ ਤੋਂ ਮਦਦ ਮੰਗਦਾ ਨਜ਼ਰ ਆਇਆ। ਵੀਡੀਓ ਵਿੱਚ ਸਾਫ਼ ਤੌਰ ‘ਤੇ ਬੋਲਦੇ ਦਿਖਾਈ ਦਿੱਤੇ ਕਿ ਉਹ ਕਰਜ਼ੇ ਵਿੱਚ ਹਨ ਅਤੇ ਇੰਡਸਟਰੀ ਵਿੱਚ ਉਨ੍ਹਾਂ ਨੂੰ ਕੋਈ ਕੰਮ ਨਹੀਂ ਮਿਲ ਰਿਹਾ, ਜਿਸਦੇ ਚਲਦਿਆਂ ਉਹ ਮਾਨਸਿਕ ਤਣਾਅ ਵਿੱਚ ਵੀ ਆ ਚੁੱਕੇ ਹਨ। ਇਸ ਵੀਡੀਓ ਦੇ ਵਾਇਰਲ ਹੋਣ ਮਗਰੋਂ ਨਿੱਕੂ ਦਾ ਕਾਫ਼ੀ ਵਿਰੋਧ ਵੀ ਹੋਇਆ, ਪਰ ਪੰਜਾਬੀ ਗਾਇਕ ਉਨ੍ਹਾਂ ਦੇ ਹੱਕ ਵਿੱਚ ਆਏ ਅਤੇ ਮਦਦ ਦਾ ਵਾਅਦਾ ਕੀਤਾ।