ਨਿਹੰਗ ਵਿਵਾਦ ਮਾਮਲਾ : ADGP ਬੋਲੇ- ਹੋਮਗਾਰਡ ਜਵਾਨ ਦਾ ਕਤਲ ਕਰਨ ਵਾਲੇ ਨੂੰ ਛੱਡਾਂਗੇ ਨਹੀਂ, ਭਾਵੇਂ ਕਿੰਨਾ ਹੀ ਤਾਕਤਵਰ ਕਿਉਂ ਨਾ ਹੋਵੇ

0
1015

ਕਪੂਰਥਲਾ, 29 ਨਵੰਬਰ| ਏਡੀਜੀਪੀ (ਲਾਅ ਐਂਡ ਆਰਡਰ) ਗੁਰਿੰਦਰ ਸਿੰਘ ਢਿੱਲੋਂ ਨੇ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਹੋਮਗਾਰਡ ਜਵਾਨ ਦੀ ਹੱਤਿਆ ਕਰਨ ਵਾਲੇ ਵਿਅਕਤੀ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ। ਜੇ ਕੋਈ ਇਹ ਸਮਝਦਾ ਹੈ ਕਿ ਉਹ ਉੱਚੇ ਰੁਤਬੇ ਕਾਰਨ ਸਜ਼ਾ ਤੋਂ ਬਚ ਜਾਵੇਗਾ, ਤਾਂ ਉਸ ਨੂੰ ਇਹ ਭੁਲੇਖਾ ਆਪਣੇ ਮਨ ਵਿਚੋਂ ਕੱਢ ਦੇਣਾ ਚਾਹੀਦਾ ਹੈ।

ਏਡੀਜੀਪੀ ਨੇ ਦੱਸਿਆ ਕਿ ਉਸ ਦਿਨ ਨਿਹੰਗ ਗਰੁੱਪ ਨੇ ਹਥਿਆਰਾਂ ਦੀ ਵਰਤੋਂ ਕਰਕੇ ਪੁਲਿਸ ਨੂੰ ਨੁਕਸਾਨ ਪਹੁੰਚਾਇਆ ਸੀ। ਇਸ ਮਾਮਲੇ ਵਿਚ ਜੋ ਵੀ ਦੋਸ਼ੀ ਹੈ, ਉਸ ਨੂੰ ਰਿਹਾਅ ਨਹੀਂ ਕੀਤਾ ਜਾਵੇਗਾ। ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ ਹੈ। ਇਹ ਕੋਈ ਆਮ ਗੱਲ ਨਹੀਂ ਹੈ। ਪੁਲਿਸ ਇਸ ਮਾਮਲੇ ਨੂੰ ਆਸਾਨੀ ਨਾਲ ਨਹੀਂ ਛੱਡੇਗੀ। ਐਸਐਸਪੀ ਕਪੂਰਥਲਾ ਵਤਸਲਾ ਗੁਪਤਾ ਦੀ ਨਿਗਰਾਨੀ ਹੇਠ ਡੀਐਸਪੀ ਸੁਲਤਾਨਪੁਰ ਲੋਧੀ ਬਬਨਦੀਪ ਸਿੰਘ ਅਤੇ ਐਸਐਚਓ ਸੁਲਤਾਨਪੁਰ ਲੋਧੀ ਦੀ ਐਸਆਈਟੀ ਟੀਮ ਮਾਮਲੇ ਦੀ ਜਾਂਚ ਕਰਕੇ ਰਿਪੋਰਟ ਸੌਂਪੇਗੀ।

ਪੁਲਿਸ ਵੱਲੋਂ ਗੋਲੀ ਚਲਾਉਣ ਦੇ ਵਾਰ-ਵਾਰ ਉਠਾਏ ਸਵਾਲ ’ਤੇ ਉਨ੍ਹਾਂ ਕਿਹਾ ਕਿ ਪੁਲਿਸ ਨੇ ਕੋਈ ਗੋਲੀ ਨਹੀਂ ਚਲਾਈ। ਜੇਕਰ ਪੁਲਿਸ ਗੋਲੀ ਚਲਾ ਦਿੰਦੀ ਤਾਂ ਦੂਜੇ ਪਾਸੇ ਵੀ ਨੁਕਸਾਨ ਹੋ ਜਾਣਾ ਸੀ। ਨਿਹੰਗ ਸਿੰਘ ਮੁਖੀ ਬਾਬਾ ਮਾਨ ਸਿੰਘ ਦੀ ਭੂਮਿਕਾ ਬਾਰੇ ਉਨ੍ਹਾਂ ਕਿਹਾ ਕਿ ਐਸਆਈਟੀ ਵੱਲੋਂ ਉਨ੍ਹਾਂ ਦੀ ਭੂਮਿਕਾ ਦੀ ਜਾਂਚ ਤੋਂ ਬਾਅਦ ਹੀ ਕਿਸੇ ਸਿੱਟੇ ’ਤੇ ਪਹੁੰਚਿਆ ਜਾ ਸਕਦਾ ਹੈ।