ਅੱਤਵਾਦੀ ਅਰਸ਼ ਡੱਲਾ ਤੇ ਹਰਦੀਪ ਸਿੰਘ ਨੂੰ NIA ਨੇ ਭਗੌੜਾ ਐਲਾਨਣ ਦੀ ਕੀਤੀ ਤਿਆਰੀ, ਟਾਰਗੇਟ ਕਿਲਿੰਗ ਦਾ ਹੈ ਦੋਸ਼

0
379

ਚੰਡੀਗੜ੍ਹ | ਐਨਆਈਏ ਦੀ ਵਿਸ਼ੇਸ਼ ਅਦਾਲਤ ਨੇ ਪੰਜਾਬ ‘ਚ ਇੱਕ ਪਾਦਰੀ ਦੀ ਟਾਰਗੇਟ ਕਿਲਿੰਗ ਦੇ ਮਾਮਲੇ ‘ਚ ਕੈਨੇਡਾ ‘ਚ ਲੁਕੇ ਅੱਤਵਾਦੀ ਅਰਸ਼ਦੀਪ ਸਿੰਘ ਉਰਫ਼ ਅਰਸ਼ ਡੱਲਾ ਅਤੇ ਹਰਦੀਪ ਸਿੰਘ ਨਿੱਝਰ ਨੂੰ ਭਗੌੜਾ ਕਰਾਰ ਦੇਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਅਦਾਲਤ ਨੇ ਦੋਵਾਂ ਨੂੰ ਇੱਕ ਮਹੀਨੇ ‘ਚ ਅਦਾਲਤ ‘ਚ ਪੇਸ਼ ਹੋਣ ਦਾ ਸਮਾਂ ਦਿੱਤਾ ਹੈ, ਨਹੀਂ ਤਾਂ 18 ਮਈ ਨੂੰ ਉਸ ਨੂੰ ਭਗੌੜਾ ਐਲਾਨਣ ਦੀ ਕਾਰਵਾਈ ਕੀਤੀ ਜਾਵੇਗੀ।

ਇਸ ਦੇ ਨਾਲ ਹੀ ਹੁਣ ਏਜੰਸੀ ਨੇ ਦੋਸ਼ੀਆਂ ਦੇ ਘਰਾਂ ‘ਤੇ ਨੋਟਿਸ ਲਗਾ ਦਿੱਤੇ ਹਨ। ਇਸ ਦੀ ਜਾਣਕਾਰੀ ਆਪਣੀ ਵੈੱਬਸਾਈਟ ਅਤੇ ਵੱਖ-ਵੱਖ ਮੀਡੀਆ ‘ਤੇ ਵੀ ਪ੍ਰਕਾਸ਼ਿਤ ਕੀਤੀ ਹੈ। ਇਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਦੋਵੇਂ ਮੁਲਜ਼ਮ ਮੂਲ ਰੂਪ ‘ਚ ਮੋਗਾ ਅਤੇ ਜਲੰਧਰ ਨੇੜਲੇ ਪਿੰਡਾਂ ਦੇ ਰਹਿਣ ਵਾਲੇ ਹਨ।

ਸਾਲ 2021 ‘ਚ ਜਲੰਧਰ ‘ਚ ਇੱਕ ਹਿੰਦੂ ਪੁਜਾਰੀ ਦਾ ਕਤਲ ਕਰ ਦਿੱਤਾ ਗਿਆ ਸੀ। ਪਹਿਲਾਂ ਪੰਜਾਬ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਸੀ ਪਰ ਬਾਅਦ ‘ਚ ਇਹ ਮਾਮਲਾ ਟਾਰਗੇਟ ਕਿਲਿੰਗ ਨਾਲ ਸਬੰਧਤ ਹੋਣ ਕਾਰਨ ਐਨਆਈਏ ਨੂੰ ਸੌਂਪ ਦਿੱਤਾ ਗਿਆ ਸੀ। NIA ਨੇ ਇਸ ਮਾਮਲੇ ‘ਚ 8 ਅਕਤੂਬਰ 2021 ਨੂੰ ਮਾਮਲਾ ਦਰਜ ਕੀਤਾ ਸੀ। ਇਸ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ‘ਚ ਅਰਸ਼ਦੀਪ ਸਿੰਘ ਉਰਫ਼ ਅਰਸ਼ ਡੱਲਾ, ਖਾਲਿਸਤਾਨ ਟਾਈਗਰ ਫੋਰਸ (ਕੇਟੀਐਫ) ਦੇ ਆਗੂ ਹਰਦੀਪ ਸਿੰਘ ਨਿੱਝਰ, ਗਗਨਦੀਪ ਸਿੰਘ ਸਮੇਤ ਕਈ ਵਿਅਕਤੀਆਂ ਖ਼ਿਲਾਫ਼ ਦੋ ਚਾਰਜਸ਼ੀਟਾਂ ਦਾਇਰ ਕੀਤੀਆਂ ਸਨ ਪਰ ਨਿੱਝਰ ਨੂੰ ਫੜਿਆ ਨਹੀਂ ਗਿਆ ਸੀ। ਇਸ ਤੋਂ ਬਾਅਦ NIA ਨੇ ਉਸ ‘ਤੇ 10 ਲੱਖ ਦਾ ਇਨਾਮ ਘੋਸ਼ਿਤ ਕੀਤਾ ਸੀ।

ਕੁਝ ਸਾਲ ਪਹਿਲਾਂ ਪੰਜਾਬ ‘ਚ ਇੱਕ ਤੋਂ ਬਾਅਦ ਇੱਕ ਵੱਖ ਵੱਖ ਧਾਰਮਿਕ ਆਗੂਆਂ ਦਾ ਕਤਲ ਕੀਤਾ ਗਿਆ ਸੀ। ਇਸ ਤੋਂ ਬਾਅਦ ਪੰਜਾਬ ਪੁਲਿਸ ਨੇ ਕਈ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਜਾਂਚ ਵਿਚ ਪਤਾ ਲੱਗਾ ਕਿ ਇਸ ਕਤਲ ਕਾਂਡ ਦੀ ਕੜੀ ਵਿਦੇਸ਼ਾਂ ਨਾਲ ਹੈ। ਇਸ ਤੋਂ ਬਾਅਦ ਇਸ ਮਾਮਲੇ ਦੀ ਜਾਂਚ ਐਨਆਈਏ ਨੂੰ ਸੌਂਪ ਦਿੱਤੀ ਗਈ ਸੀ। ਐਨਆਈਏ ਨੇ ਨਵਾਂ ਕੇਸ ਦਰਜ ਕਰ ਕੇ ਜਾਂਚ ਕੀਤੀ। ਇਸ ਤੋਂ ਬਾਅਦ ਚਾਰਜਸ਼ੀਟ ਦਾਇਰ ਕੀਤੀ ਗਈ।