ਚੰਡੀਗੜ੍ਹ | ਐਨ.ਆਈ.ਏ. ਨੇ ਹਰਿਆਣਾ ਅਤੇ ਪੰਜਾਬ ਦੇ 8 ਗੈਂਗਸਟਰਾਂ ਨੂੰ ਵਾਂਟੇਡ ਸੂਚੀ ਵਿਚ ਪਾ ਕੇ ਉਨ੍ਹਾਂ ‘ਤੇ 1 ਤੋਂ 5 ਲੱਖ ਰੁਪਏ ਦਾ ਇਨਾਮ ਐਲਾਨਿਆ ਹੈ। ਇਨ੍ਹਾਂ ਵਿਚ ਬੰਬੀਹਾ ਸਿੰਡੀਕੇਟ ਦਾ ਲੱਕੀ ਪਟਿਆਲ ਅਤੇ ਗੈਂਗਸਟਰ ਕੌਸ਼ਲ ਚੌਧਰੀ ਦਾ ਖਾਸ ਸਰਗਣਾ ਸੰਦੀਪ ਉਰਫ਼ ਬੰਦਰ ਸ਼ਾਮਲ ਹਨ। ਇਹ ਸਾਰੇ ਗੈਂਗਸਟਰ ਕਾਫੀ ਸਮੇਂ ਤੋਂ ਫਰਾਰ ਸਨ। ਇਨ੍ਹਾਂ ‘ਚੋਂ ਕੁਝ ਵਿਦੇਸ਼ਾਂ ‘ਚ ਲੁਕ-ਛਿਪ ਕੇ ਸਾਰਾ ਨੈੱਟਵਰਕ ਚਲਾ ਰਹੇ ਹਨ।
ਇਨ੍ਹਾਂ ਸਭ ਮੋਸਟ ਵਾਂਟੇਡ ਅਪਰਾਧੀਆਂ ਨੂੰ ਇਸ਼ਤਿਹਾਰ ਦੇ ਨਾਲ ਉਨ੍ਹਾਂ ‘ਤੇ ਇਨਾਮ ਦੀ ਰਕਮ ਦਾ ਐਲਾਨ ਕਰਨ ਤੋਂ ਬਾਅਦ ਜਨਤਕ ਕੀਤਾ ਗਿਆ ਹੈ। ਐਨਆਈਏ ਨੇ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਉਨ੍ਹਾਂ ਨਾਲ ਜੁੜੀ ਕੋਈ ਜਾਣਕਾਰੀ ਮਿਲਦੀ ਹੈ ਤਾਂ ਉਹ ਏਜੰਸੀ ਨੂੰ ਸੂਚਿਤ ਕਰੇ। ਸੂਚਨਾ ਦੇਣ ਵਾਲੇ ਵਿਅਕਤੀ ਦਾ ਨਾਮ ਅਤੇ ਪਤਾ ਗੁਪਤ ਰੱਖਿਆ ਜਾਵੇਗਾ।
NIA ਨੇ ਗੁਰੂਗ੍ਰਾਮ ਦੇ ਸ਼ਿਵਾਜੀ ਨਗਰ ਵਾਸੀ ਦਿਨੇਸ਼ ਸ਼ਰਮਾ ਉਰਫ਼ ਗਾਂਧੀ, ਨੀਰਜ ਉਰਫ਼ ਪੰਡਿਤ, ਗੁਰੂਗ੍ਰਾਮ ਦੇ ਨਾਹਰਪੁਰ ਰੂਪਾ ਵਾਸੀ ਸੰਦੀਪ, ਕਰਨਾਲ ਦੇ ਅਸੰਧ ਵਾਸੀ ਦਲੇਰ ਸਿੰਘ ਉਰਫ਼ ਕੋਟੀਆ, ਪੰਜਾਬ ਦੇ ਲੁਧਿਆਣਾ ਦਾ ਰਹਿਣ ਵਾਲਾ ਗੁਰਪਿੰਦਰ ਸਿੰਘ ਉਰਫ਼ ਬਾਬਾ ਡੱਲਾ, ਮੋਗਾ ਵਾਸੀ ਸੁਖਦੂਰ ਸਿੰਘ ਉਰਫ਼ ਸੁੱਖਾ ਦੁੱਨੇ ਕੇ ‘ਤੇ 1-1 ਲੱਖ ਰੁਪਏ ਅਤੇ ਅੱਤਵਾਦੀਆਂ ਅਰਸ਼ਦੀਪ ਸਿੰਘ ਉਰਫ਼ ਅਰਸ਼ ਡੱਲਾ ਅਤੇ ਗੌਰਵ ਪਟਿਆਲ ਉਰਫ਼ ਸੌਰਵ ਠਾਕੁਰ ਉਰਫ਼ ਲੱਕੀ ਪਟਿਆਲ ‘ਤੇ 5-5 ਲੱਖ ਰੁਪਏ ਦਾ ਇਨਾਮ ਰੱਖਿਆ ਹੈ।
ਰਾਸ਼ਟਰੀ ਜਾਂਚ ਏਜੰਸੀ ਪਿਛਲੇ ਇਕ ਸਾਲ ਤੋਂ ਗੈਂਗਸਟਰਾਂ ਅਤੇ ਅੱਤਵਾਦੀਆਂ ਖਿਲਾਫ ਵੱਡੇ ਪੱਧਰ ‘ਤੇ ਕਾਰਵਾਈ ਕਰ ਰਹੀ ਹੈ। ਐਨਆਈਏ ਨੇ ਪੰਜਾਬ, ਹਰਿਆਣਾ, ਰਾਜਸਥਾਨ, ਯੂ.ਪੀ ਅਤੇ ਹੋਰ ਰਾਜਾਂ ਵਿਚ ਛਾਪੇਮਾਰੀ ਕੀਤੀ ਹੈ। ਸੂਤਰਾਂ ਮੁਤਾਬਕ ਇਨ੍ਹਾਂ ‘ਚੋਂ ਜ਼ਿਆਦਾਤਰ ਗੈਂਗਸਟਰ ਭਾਰਤ ਛੱਡ ਕੇ ਵਿਦੇਸ਼ਾਂ ‘ਚ ਲੁਕੇ ਹੋਏ ਹਨ। ਅਰਸ਼ਦੀਪ ਉਰਫ ਡੱਲਾ ਕੈਨੇਡਾ ਅਤੇ ਲੱਕੀ ਪਟਿਆਲ ਅਰਮੇਨੀਆ ਵਿੱਚ ਬੈਠ ਕੇ ਸਾਰਾ ਨੈੱਟਵਰਕ ਚਲਾ ਰਿਹਾ ਹੈ।
ਕਰੀਬ ਇਕ ਹਫ਼ਤਾ ਪਹਿਲਾਂ ਐਨਆਈਏ ਨੇ ਅੱਤਵਾਦੀ ਸੰਗਠਨਾਂ ਨਾਲ ਸਬੰਧ ਰੱਖਣ ਵਾਲੇ ਗੈਂਗਸਟਰਾਂ ਦੀ ਸੂਚੀ ਵਿਚ 14 ਮੁਲਜ਼ਮਾਂ ਦੇ ਨਾਂ ਸ਼ਾਮਲ ਕੀਤੇ ਸਨ, ਜਿਸ ਵਿਚ ਲਾਰੈਂਸ ਬਿਸ਼ਨੋਈ, ਜੱਗੂ ਭਗਵਾਨਪੁਰੀਆ, ਕਾਲਾ ਜਠੇੜੀ ਤੋਂ ਇਲਾਵਾ ਸਤਵਿੰਦਰਜੀਤ ਸਿੰਘ ਉਰਫ ਗੋਲਡੀ ਬਰਾੜ, ਸਚਿਨ ਥਾਪਨ ਉਰਫ ਸਚਿਨ ਬਿਸ਼ਨੋਈ, ਅਨਮੋਲ ਬਿਸ਼ਨੋਈ ਉਰਫ ਭਾਨੂੰ, ਵਿਕਰਮਜੀਤ ਉਰਫ ਵਿਕਰਮ ਬਰਾੜ, ਵਰਿੰਦਰ ਪ੍ਰਤਾਪ ਸਿੰਘ ਉਰਫ ਕਾਲਾ ਰਾਣਾ, ਜੋਗਿੰਦਰ ਸਿੰਘ, ਰਾਜੇਸ਼ ਕੁਮਾਰ ਉਰਫ ਰਾਜੂ ਮੋਟਾ, ਰਾਜੂ ਬਸੌਦੀ, ਅਨਿਲ ਚਿੱਪੀ, ਨਰੇਸ਼ ਯਾਦਵ ਅਤੇ ਸ਼ਾਹਬਾਜ਼ ਅੰਸਾਰੀ ਨੂੰ ਦਰਜ ਕੀਤਾ ਗਿਆ ਸੀ।
ਦੱਸ ਦਈਏ ਕਿ ਪਿਛਲੇ ਸਾਲ 29 ਮਈ 2022 ਨੂੰ ਪੰਜਾਬ ਦੇ ਮਾਨਸਾ ਵਿਚ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਕਤਲ ਕੇਸ ਵਿਚ ਗੈਂਗਸਟਰਾਂ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਦਾ ਨਾਂ ਸਾਹਮਣੇ ਆਇਆ ਸੀ। ਇਸ ਤੋਂ ਬਾਅਦ ਲਾਰੈਂਸ ਗਰੁੱਪ ਨੇ ਪੰਜਾਬ ਵਿਚ ਹੀ ਨਹੀਂ ਸਗੋਂ ਹਰਿਆਣਾ ਸਮੇਤ ਹੋਰ ਰਾਜਾਂ ਵਿਚ ਵੀ ਕਈ ਮਸ਼ਹੂਰ ਵਿਅਕਤੀਆਂ ਦਾ ਕਤਲ ਕਰਵਾ ਦਿੱਤਾ।
(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ)