ਨਿਊਜ਼ੀਲੈਂਡ ਨੇ ਭਾਰਤ ਨੂੰ ਪਹਿਲਾ ਵਨਡੇ 7 ਵਿਕਟਾਂ ਨਾਲ ਹਰਾਇਆ

0
284

ਨਿਊਜ਼ੀਲੈਂਡ ਖਿਲਾਫ ਵਨਡੇ ਕ੍ਰਿਕਟ ‘ਚ ਟੀਮ ਇੰਡੀਆ ਦੀ ਹਾਰ ਦਾ ਸਿਲਸਿਲਾ ਜਾਰੀ ਹੈ। ਆਕਲੈਂਡ ‘ਚ ਸ਼ੁੱਕਰਵਾਰ ਨੂੰ ਖੇਡੀ ਗਈ ਤਿੰਨ ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੈਚ ‘ਚ ਕੀਵੀ ਟੀਮ ਨੇ ਭਾਰਤ ਨੂੰ 7 ਵਿਕਟਾਂ ਨਾਲ ਹਰਾਇਆ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ 50 ਓਵਰਾਂ ‘ਚ 7 ਵਿਕਟਾਂ ਗੁਆ ਕੇ 306 ਦੌੜਾਂ ਬਣਾਈਆਂ। ਭਾਰਤ ਲਈ ਤਿੰਨ ਬੱਲੇਬਾਜ਼ਾਂ ਕਪਤਾਨ ਸ਼ਿਖਰ ਧਵਨ (72), ਸ਼ੁਭਮਨ ਗਿੱਲ (50) ਅਤੇ ਸ਼੍ਰੇਅਸ ਅਈਅਰ (80) ਨੇ ਅਰਧ ਸੈਂਕੜੇ ਬਣਾਏ।
ਜਵਾਬ ‘ਚ ਨਿਊਜ਼ੀਲੈਂਡ ਨੇ 47.1 ਓਵਰਾਂ ‘ਚ 3 ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ। ਕੀਵੀ ਟੀਮ ਦੀਆਂ 3 ਵਿਕਟਾਂ 88 ਦੌੜਾਂ ‘ਤੇ ਡਿੱਗ ਚੁੱਕੀਆਂ ਸਨ। ਇਸ ਤੋਂ ਬਾਅਦ ਕਪਤਾਨ ਕੇਨ ਵਿਲੀਅਮਸਨ (94) ਅਤੇ ਟਾਮ ਲੈਥਮ ਨੇ ਚੌਥੀ ਵਿਕਟ ਲਈ 145 ਦੌੜਾਂ ਦੀ ਸਾਂਝੇਦਾਰੀ ਕਰਕੇ ਭਾਰਤ ਤੋਂ ਮੈਚ ਖੋਹ ਲਿਆ। 2019 ਵਿਸ਼ਵ ਕੱਪ ਤੋਂ ਬਾਅਦ ਵਨਡੇ ਵਿੱਚ ਨਿਊਜ਼ੀਲੈਂਡ ਦੇ ਹੱਥੋਂ ਭਾਰਤ ਦੀ ਇਹ ਲਗਾਤਾਰ ਪੰਜਵੀਂ ਹਾਰ ਹੈ।

ਵਿਕਟਕੀਪਰ ਬੱਲੇਬਾਜ਼ ਟੌਮ ਲੈਥਮ ਨੇ ਆਪਣਾ 7ਵਾਂ ਵਨਡੇ ਸੈਂਕੜਾ ਲਗਾਇਆ। ਉਨ੍ਹਾਂ ਦੇ ਨਾਂ ਕੁੱਲ 19 ਸੈਂਕੜੇ ਹਨ। ਖੱਬੇ ਹੱਥ ਦੇ ਇਸ ਬੱਲੇਬਾਜ਼ ਨੇ 12 ਟੈਸਟ ਸੈਂਕੜੇ ਲਗਾਏ ਹਨ।
ਡੈਬਿਊ ਮੈਚ ਖੇਡ ਰਹੇ ਉਮਰਾਨ ਮਲਿਕ ਨੇ ਡੇਵੋਨ ਕੋਨਵੇ (24) ਨੂੰ ਆਊਟ ਕਰਕੇ ਆਪਣੇ ਵਨਡੇ ਕਰੀਅਰ ਦੀ ਪਹਿਲੀ ਵਿਕਟ ਹਾਸਲ ਕੀਤੀ। ਇਸ ਤੋਂ ਬਾਅਦ ਡੇਰਿਲ ਮਿਸ਼ੇਲ (11) ਵੀ ਆਊਟ ਹੋ ਗਏ।