CU ਮਾਮਲੇ ‘ਚ ਨਵਾਂ ਮੋੜ : ਵੀਡੀਓ ਬਣਾਉਣ ਵਾਲੀ ਕੁੜੀ ਨੂੰ ਫੌਜ ਦਾ ਇਕ ਜਵਾਨ ਕਰਦਾ ਸੀ ਬਲੈਕਮੇਲ

0
500

ਚੰਡੀਗੜ੍ਹ। ਚੰਡੀਗੜ੍ਹ ਯੂਨੀਵਰਸਿਟੀ ਵਿੱਚ ਹੋਏ MMS ਕਾਂਡ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ। ਦੱਸਿਆ ਗਿਆ ਹੈ ਕਿ ਜਿਸ ਕੁੜੀ ਨੇ ਵਿਦਿਆਰਥਣਾਂ ਦੀ ਵੀਡੀਓ ਬਣਾਈ ਸੀ, ਉਸ ਨੂੰ ਭਾਰਤੀ ਫ਼ੌਜ ਦੇ ਜਵਾਨ ਵੱਲੋਂ ਬਲੈਕਮੇਲ ਕੀਤਾ ਜਾ ਰਿਹਾ ਸੀ। ਉਕਤ ਵਿਅਕਤੀ ਵਿਦਿਆਰਥਣ ਨੂੰ ਦੂਜੀਆਂ ਵਿਦਿਆਰਥਣਾਂ ਦੀਆਂ ਅਸ਼ਲੀਲ ਵੀਡੀਓ ਬਣਾਉਣ ਲਈ ਮਜ਼ਬੂਰ ਕਰ ਰਿਹਾ ਸੀ । ਜਾਣਕਾਰੀ ਮੁਤਾਬਕ, ਮੁਲਜ਼ਮ ਵਿਦਿਆਰਥਣ ਦੇ ਪੁਰਾਣੇ ਦੋਸਤ ਨੇ ਉਸਦੀ ਅਸ਼ਲੀਲ ਵੀਡੀਓ ਇਸ ਜਵਾਨ ਨਾਲ ਸਾਂਝੀ ਕੀਤੀ ਸੀ ਜਿਸ ਤੋਂ ਬਾਅਦ ਜਵਾਨ ਉਸ ਵੀਡੀਓ ਨੂੰ ਲੀਕ ਕਰਨ ਦੀ ਧਮਕੀ ਦੇ ਕੇ ਦੂਜੀਆਂ ਵਿਦਿਆਰਥਣਾਂ ਦੀ ਵੀਡੀਓ ਬਣਾਉਣ ਲਈ ਮਜਬੂਰ ਕਰ ਰਿਹਾ ਸੀ।

ਇਸ ਮਾਮਲੇ ਦੀ ਜਾਂਚ ਵਿੱਚ ਸਾਹਮਣੇ ਆਇਆ ਕਿ ਇਹ ਜਵਾਨ ਜੰਮੂ ਦਾ ਰਹਿਣ ਵਾਲਾ ਹੈ ਅਤੇ ਇਸਦਾ ਨਾਮ ਸੰਜੀਵ ਕੁਮਾਰ ਦੱਸਿਆ ਗਿਆ ਹੈ। ਫਿਲਹਾਲ ਇਹ ਅਰੁਣਾਚਲ ਪ੍ਰਦੇਸ਼ ਦੇ ਈਟਾ ਨਗਰ ਦੇ ਨੇੜੇ ਪੋਸਟਡ ਹੈ। ਹਾਲਾਂਕਿ ਪੁਲਿਸ ਦੇ ਮੁਤਾਬਕ ਮੁਲਜ਼ਮ ਕੁੜੀ ਹੋਸਟਲ ਦੀਆਂ ਕੁੜੀਆਂ ਦੀ ਕੋਈ ਵੀਡੀਓ ਨਹੀਂ ਬਣਾ ਸਕੀ ਸੀ। ਫੋਨ ਵਿੱਚ ਉਸਦੀਆਂ ਆਪਣੀਆਂ ਹੀ ਵੀਡੀਓਜ਼ ਸਨ। ਫੋਰੈਂਸਿਕ ਮਾਹਿਰਾਂ ਨੇ ਇਹ ਗੱਲ ਫੋਨ ਦੀ ਜਾਂਚ ਕਰਨ ਮਗਰੋਂ ਪੁਲਿਸ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ। ਇਸ ਮਾਮਲੇ ਵਿੱਚ ਹੁਣ ਪੁਲਿਸ ਫੌਜ ਦੇ ਜਵਾਨ ਸੰਜੀਵੀ ਕੁਮਾਰ ਨੂੰ ਗ੍ਰਿਫ਼ਤਾਰ ਕਰ ਕੇ ਪੁੱਛਗਿੱਛ ਕਰੇਗੀ।

ਦੱਸ ਦੇਈਏ ਕਿ ਵਿਦਿਆਰਥਣਾਂ ਦੀ ਅਸ਼ਲੀਲ ਵੀਡੀਓ ਬਣਾਉਣ ਦੇ ਮਾਮਲੇ ਵਿੱਚ ਬੀਤੇ ਦਿਨ SIT ਦੀ ਜਾਂਚ ਵਿੱਚ ਵੱਡਾ ਖੁਲਾਸਾ ਹੋਇਆ ਸੀ । ਜਿਸ ਵਿੱਚ ਦੱਸਿਆ ਗਿਆ ਸੀ ਕਿ ਗ੍ਰਿਫਤਾਰ ਮੁਲਜ਼ਮ ਵਿਦਿਆਰਥਣ 1 ਹਫਤੇ ਤੋਂ ਹੋਰ ਵਿਦਿਆਰਥਣਾਂ ਦੀਆਂ ਅਸ਼ਲੀਲ ਵੀਡੀਓ ਬਣਾ ਰਹੀ ਸੀ । SIT ਨੇ ਮੁਲਜ਼ਮ ਵਿਦਿਆਰਥਣ ਦਾ ਲੈਪਟਾਪ ਵੀ ਬਰਾਮਦ ਕਰ ਕੇ ਜਾਂਚ ਲਈ ਫੋਰੈਂਸਿਕ ਲੈਬ ਵਿੱਚ ਭੇਜ ਦਿੱਤਾ ਹੈ।