ਨਵੀਂ ਦਿੱਲੀ | ਕੇਂਦਰੀ ਸੜਕ ਆਵਾਜਾਈ ਤੇ ਰਾਜਮਾਰਗ ਮੰਤਰਾਲੇ ਨੇ ਟ੍ਰੈਫਿਕ ਨਿਯਮਾਂ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ, ਜਿਸ ਤਹਿਤ ਹੁਣ ਟ੍ਰੈਫਿਕ ਨਿਯਮਾਂ ਨੂੰ ਤੋੜਨ ਵਾਲਿਆਂ ਨੂੰ ਚਲਾਨ ਕੱਟਣ ਦੇ 15 ਦਿਨਾਂ ਬਾਅਦ ਹੀ ਨੋਟਿਸ ਮਿਲੇਗਾ।
ਸੋਧੇ ਹੋਏ ਮੋਟਰ ਵ੍ਹੀਕਲਜ਼ ਐਕਟ ਅਧੀਨ ਜਾਰੀ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਕੇਸ ਦਾ ਨਿਬੇੜਾ ਹੋਣ ਤੱਕ ਸਬੂਤਾਂ ਨੂੰ ਰਿਕਾਰਡ ਵਿੱਚ ਰੱਖਣਾ ਹੋਵੇਗਾ। ਇਸ ਦੇ ਨਾਲ ਹੀ ਨਵੇਂ ਨਿਯਮਾਂ ਅਨੁਸਾਰ ਟ੍ਰੈਫਿਕ ਪੁਲਿਸ ਕਰਮਚਾਰੀਆਂ ਨੂੰ ਵੀ ਨਿਯਮ ਨੂੰ ਤੋੜਨ ਵਾਲਿਆਂ ਦੀ ਵੀਡੀਓ ਬਣਾਉਣੀ ਪਵੇਗੀ, ਸਿਰਫ ਫੋਟੋਆਂ ਹੀ ਕੰਮ ਨਹੀਂ ਕਰਨਗੀਆਂ।
ਹੁਣ ਤੱਕ ਇੰਝ ਹੁੰਦਾ ਸੀ
ਇਸ ਨਿਯਮ ਕਾਰਨ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਨੂੰ ਨੋਟਿਸ ਤੱਕ ਪਹੁੰਚਣ ਵਿੱਚ ਲੰਬਾ ਸਮਾਂ ਲਗਦਾ ਸੀ ਤੇ ਚਲਾਨ ਜਮ੍ਹਾਂ ਕਰਵਾਉਣ ਵਿੱਚ ਦੇਰੀ ਹੁੰਦੀ ਸੀ ਤੇ ਸਰਕਾਰ ਦੀ ਆਮਦਨ ਘਟਦੀ ਸੀ। ਦਿੱਲੀ ਟ੍ਰੈਫਿਕ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਸ ਲਈ, ਬਹੁਤ ਸਾਰੇ ਚੌਰਾਹਿਆਂ ਤੇ ਸੀਸੀਟੀਵੀ ਕੈਮਰੇ ਅਤੇ ਸਾਈਨ ਬੋਰਡ ਲਗਾਏ ਗਏ ਹਨ ਤੇ ਹੋਰ ਬਹੁਤ ਸਾਰੇ ਚੌਰਾਹਿਆਂ ਤੇ ਹੋਰ ਲਗਾਏ ਜਾਣਗੇ।
ਵੀਡੀਓ ਬਣਾਉਣੀ ਹੋਵੇਗੀ
ਕੇਂਦਰ ਸਰਕਾਰ ਦੇ ਨਵੇਂ ਨਿਯਮਾਂ ਅਨੁਸਾਰ ਟ੍ਰੈਫਿਕ ਪੁਲਿਸ ਕਰਮਚਾਰੀ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਡਰਾਈਵਰਾਂ ਦੀਆਂ ਤਸਵੀਰਾਂ ਲੈ ਕੇ ਨਾ ਸਿਰਫ ਚਲਾਨ ਕੱਟ ਸਕਣਗੇ, ਬਲਕਿ ਉਨ੍ਹਾਂ ਨੂੰ ਇਸ ਲਈ ਉਨ੍ਹਾਂ ਦੇ ਵੀਡੀਓ ਵੀ ਬਣਾਉਣੇ ਪੈਣਗੇ। ਨੋਟੀਫਿਕੇਸ਼ਨ ਅਨੁਸਾਰ ਚਲਾਨ ਜਾਰੀ ਕਰਨ ਲਈ ਇਲੈਕਟ੍ਰੋਨਿਕ ਇਨਫੋਰਸਮੈਂਟ ਉਪਕਰਨ ਦੀ ਵਰਤੋਂ ਕੀਤੀ ਜਾਏਗੀ।
ਇਹ ਟੈਕਨਾਲੋਜੀ ਕਰੇਗੀ ਮਦਦ
ਨਵੇਂ ਟ੍ਰੈਫਿਕ ਨਿਯਮਾਂ ਅਨੁਸਾਰ ਇਲੈਕਟ੍ਰੋਨਿਕ ਇਨਫੋਰਸਮੈਂਟ ਉਪਕਰਨਾਂ ਵਿੱਚ ਸਪੀਡ ਕੈਮਰੇ, ਸੀਸੀਟੀਵੀ ਕੈਮਰੇ, ਡੈਸ਼ਬੋਰਡ ਕੈਮਰੇ, ਸਪੀਡ ਗੰਨ, ਬਾਡੀ ਵੀਏਰੇਬਲ ਕੈਮਰੇ, ਆਟੋਮੈਟਿਕ ਨੰਬਰ ਪਲੇਟ ਪਛਾਣ, ਵੇਟ-ਇਨ ਮਸ਼ੀਨਾਂ ਤੇ ਹੋਰ ਬਹੁਤ ਸਾਰੀਆਂ ਤਕਨੀਕਾਂ ਸ਼ਾਮਿਲ ਹਨ।
ਟ੍ਰੈਫਿਕ ਪੁਲਿਸ ਅਧਿਕਾਰੀ ਅਨੁਸਾਰ ਨਵੀਂ ਤਕਨੀਕ ਦੀ ਵਰਤੋਂ ਕਰਨ ਦਾ ਇੱਕ ਫਾਇਦਾ ਇਹ ਵੀ ਹੋਵੇਗਾ ਕਿ ਪੁਲਿਸ ਵਾਲਿਆਂ ਨਾਲ ਦੁਰਵਿਵਹਾਰ ਕਰਨ ਵਾਲੇ ਡਰਾਈਵਰਾਂ ਵਿਰੁੱਧ ਵੀ ਕਾਨੂੰਨੀ ਕਾਰਵਾਈ ਹੋ ਸਕੇਗੀ।