ਮੋਹਾਲੀ। ਚੰਡੀਗੜ੍ਹ ਯੂਨੀਵਰਸਿਟੀ ਅਸ਼ਲੀਲ ਵੀਡੀਓ ਮਾਮਲੇ ਦੀ ਜਾਂਚ ਤੇਜ਼ ਕਰ ਦਿੱਤੀ ਗਈ ਹੈ। ਚੰਡੀਗੜ੍ਹ ਪੁਲਿਸ ਵੱਲੋਂ ਮੁਲਜ਼ਮਾਂ ਤੋਂ ਕੀਤੀ ਗਈ ਪੁੱਛਗਿੱਛ ਵਿੱਚ ਇੱਕ ਹੋਰ ਵੱਡਾ ਖੁਲਾਸਾ ਹੋਇਆ ਹੈ। ਪੁਲਿਸ ਨੇ ਖੁਲਾਸਾ ਕੀਤਾ ਕਿ ਗ੍ਰਿਫਤਾਰ ਦੋਸ਼ੀ ਲੜਕੀ ਅਤੇ ਲੜਕਾ ਸੰਨੀ ਮਹਿਤਾ ਪਿਛਲੇ ਚਾਰ ਸਾਲਾਂ ਤੋਂ ਰਿਲੇਸ਼ਨਸ਼ਿਪ ‘ਚ ਸਨ।
ਸੂਤਰਾਂ ਦਾ ਕਹਿਣਾ ਹੈ ਕਿ ਦੋਸ਼ੀ ਲੜਕੀ ਪਹਿਲਾਂ ਸੰਨੀ ਨੂੰ ਵੀਡੀਓ ਭੇਜਦੀ ਸੀ, ਉਸ ਤੋਂ ਬਾਅਦ ਉਹ ਵੀਡੀਓ ਆਪਣੇ ਦੋਸਤ ਰੰਕਜ ਵਰਮਾ ਨੂੰ ਭੇਜ ਦਿੰਦਾ ਸੀ। ਪੁਲਸ ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਮੋਬਾਇਲ ‘ਚੋਂ ਲੜਕੀ ਵੱਲੋਂ ਖੁਦ ਬਣਾਈਆਂ 13 ਵੀਡੀਓਜ਼ ਬਰਾਮਦ ਕੀਤੀਆਂ ਗਈਆਂ ਹਨ, ਜੋ ਉਸ ਨੇ ਸੰਨੀ ਨੂੰ ਭੇਜੀਆਂ ਸਨ।
ਮਾਮਲੇ ਦੀ ਜਾਂਚ ‘ਚ ਜੁਟੀ ਪੁਲਿਸ ਨੇ ਦੂਜੀ ਵਾਰ ਦੋਸ਼ੀ ਲੜਕੀ ਦੇ ਹੋਸਟਲ ਦੇ ਕਮਰੇ ਦੀ ਤਲਾਸ਼ੀ ਲਈ ਹੈ। ਪੂਰੇ ਕਮਰੇ ਦੀ ਬਾਰੀਕੀ ਨਾਲ ਤਲਾਸ਼ੀ ਲਈ ਗਈ ਹੈ। ਕਮਰੇ ‘ਚੋਂ ਲੜਕੀ ਦਾ ਲੈਪਟਾਪ ਵੀ ਬਰਾਮਦ ਹੋਇਆ ਹੈ। ਇਸ ਨੂੰ ਜਾਂਚ ਲਈ ਫੋਰੈਂਸਿਕ ਲੈਬ ਵਿੱਚ ਭੇਜਿਆ ਜਾਵੇਗਾ। ਪੁਲਿਸ ਨੇ ਲੜਕੀ ਕੋਲੋਂ ਦੋ ਮੋਬਾਈਲ ਪਹਿਲਾਂ ਹੀ ਜਾਂਚ ਲਈ ਭੇਜ ਦਿੱਤੇ ਹਨ। ਇਸ ਤੋਂ ਇਲਾਵਾ ਮੁਲਜ਼ਮ ਸੰਨੀ ਕੋਲੋਂ ਦੋ ਮੋਬਾਈਲ ਅਤੇ ਰੰਕਜ ਚੌਹਾਨ ਕੋਲੋਂ ਇੱਕ ਮੋਬਾਈਲ ਬਰਾਮਦ ਕਰਕੇ ਫੋਰੈਂਸਿਕ ਲੈਬ ਵਿੱਚ ਭੇਜਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਡਿਲੀਟ ਕੀਤੇ ਗਏ ਸਾਰੇ ਡੇਟਾ ਨੂੰ ਰਿਕਵਰ ਕਰ ਰਹੀ ਹੈ ਤਾਂ ਜੋ ਮਾਮਲੇ ਦੀ ਤਹਿ ਤੱਕ ਪਹੁੰਚਿਆ ਜਾ ਸਕੇ।