ਨਵੀਂ ਦਿੱਲੀ . ਕਈ ਲੋਕਾਂ ਨੂੰ ਕਈ-ਕਈ ਘੰਟੇ ਟੀਵੀ ਦੇਖਣ ਦੀ ਆਦਤ ਹੁੰਦੀ ਹੈ। ਹੁਣ ਮਾਹਰਾਂ ਨੇ ਆਪਣੀ ਆਦਤ ਲਈ ਚਿੰਤਾਜਨਕ ਖ਼ਬਰ ਸੁਣਾਈ ਹੈ। ਮੇਲ ਆਨਲਾਈਨ ਅਨੁਸਾਰ ਖੋਜ ਨੇ ਦਿਖਾਇਆ ਹੈ ਕਿ ਲੰਬੇ ਸਮੇਂ ਤੋਂ ਟੈਲੀਵੀਜ਼ਨ ਦੇਖਣਾ ਸਟ੍ਰੋਕ ਜਾਂ ਹਾਰਟ ਅਟੈਕ ਦੇ ਜ਼ੋਖ਼ਮ ਨੂੰ ਵਧਾਉਂਦਾ ਹੈ ਤੇ ਇਹ ਮੌਤ ਦਾ ਕਾਰਨ ਵੀ ਹੋ ਸਕਦਾ ਹੈ।
ਯੂਕੇ ਵਿੱਚ ਬਾਇਓ ਬੈਂਕ ਵੱਲੋਂ ਕੀਤੀ ਗਈ ਖੋਜ ਵਿੱਚ ਹੈਰਾਨ ਕਰਨ ਵਾਲੇ ਖੁਲਾਸੇ ਹੋਏ ਹਨ। ਖੋਜ ਦੌਰਾਨ ਖੋਜਕਰਤਾਵਾਂ ਨੇ 37 ਤੋਂ 73 ਸਾਲ ਦੀ ਉਮਰ ਦੇ 4 ਲੱਖ 90 ਹਜ਼ਾਰ ਲੋਕਾਂ ਦਾ ਸਰਵੇਖਣ ਕੀਤਾ। ਉਸ ਨੇ ਸਰਵੇਖਣ ਵਿੱਚ ਸ਼ਾਮਲ ਔਰਤਾਂ ਤੇ ਮਰਦਾਂ ਦੇ ਟੀਵੀ ਵੇਖਣ ਦੀਆਂ ਆਦਤਾਂ ਤੇ ਸਟ੍ਰੋਕ ਜਾਂ ਦਿਲ ਦੇ ਦੌਰੇ ਵਿਚਾਲੇ ਸਬੰਧ ਦਾ ਅਧਿਐਨ ਕੀਤਾ।
ਇਸ ਦੌਰਾਨ ਇਹ ਪਾਇਆ ਗਿਆ ਕਿ ਜਿਨ੍ਹਾਂ ਲੋਕਾਂ ਨੂੰ ਵਧੇਰੇ ਟੈਲੀਵਿਜ਼ਨ ਵੇਖਣ ਦੀ ਆਦਤ ਹੈ, ਉਨ੍ਹਾਂ ਨੂੰ ਦਿਲ ਦਾ ਦੌਰਾ ਤੇ ਮੌਤ ਦਾ ਖ਼ਤਰਾ ਵਧੇਰੇ ਹੁੰਦਾ ਹੈ। ਖੋਜਕਰਤਾਵਾਂ ਨੇ ਕਿਹਾ ਕਿ ਅਜਿਹੇ ਲੋਕਾਂ ਵਿੱਚ ਕੈਂਸਰ ਦਾ ਖ਼ਤਰਾ ਵੀ ਵਧੇਰੇ ਹੁੰਦਾ ਹੈ। ਇੱਥੋਂ ਤੱਕ ਕਿ ਲੌਂਗ ਕੈਂਸਰ ਵੀ ਮੌਤ ਦਾ ਕਾਰਨ ਬਣ ਸਕਦਾ ਹੈ। ਖੋਜ ਦੇ ਨਤੀਜੇ ਵਿੱਚ ਉਨ੍ਹਾਂ ਦੱਸਿਆ ਕਿ ਦੋ ਘੰਟੇ ਤੋਂ ਵੱਧ ਲੋਕਾਂ ਨੂੰ ਟੀਵੀ ਨਹੀਂ ਦੇਖਣਾ ਚਾਹੀਦਾ। ਜੇ ਤੁਸੀਂ ਇੱਕ ਦਿਨ ਵਿੱਚ ਦੋ ਘੰਟੇ ਤੋਂ ਵੱਧ ਸਮੇਂ ਲਈ ਟੀਵੀ ਨਹੀਂ ਵੇਖਦੇ, ਤਾਂ ਤੁਸੀਂ ਦਿਲ ਦੇ ਦੌਰੇ ਕਾਰਨ ਹੋਈ ਮੌਤ ਨੂੰ 8 ਪ੍ਰਤੀਸ਼ਤ ਤੱਕ ਘਟਾ ਸਕਦੇ ਹੋ। ਗਲਾਸਗੋ ਯੂਨੀਵਰਸਿਟੀ ਦੀ ਖੋਜ ਟੀਮ ਦੇ ਮੁਖੀ ਡਾ. ਹਮੀਸ਼ ਫੋਸਟਰ ਨੇ ਕਿਹਾ, “ਸਾਡੀ ਖੋਜ ਨੇ ਦਿਖਾਇਆ ਹੈ ਕਿ ਟੀਵੀ ਵੇਖਣ ‘ਚ ਬਿਤਾਇਆ ਜਾਂਦਾ ਸਮਾਂ ਕਈ ਸਿਹਤ ਸਮੱਸਿਆਵਾਂ ਨਾਲ ਸਬੰਧਤ ਹੈ। ਇਸ ਨੂੰ ਬਦਲਿਆ ਜਾਣਾ ਚਾਹੀਦਾ ਹੈ।”
ਖੋਜਕਰਤਾਵਾਂ ਦਾ ਕਹਿਣਾ ਹੈ ਕਿ ਜੇ ਕੋਈ ਵਿਅਕਤੀ ਹਰ ਰੋਜ਼ ਅੱਧੇ ਘੰਟੇ ਲਈ ਟੈਲੀਵਿਜ਼ਨ ਦੇਖਣਾ ਘੱਟ ਕਰਦਾ ਹੈ ਤੇ ਅੱਧੇ ਘੰਟੇ ਲਈ ਵਾਕ ਸ਼ੁਰੂ ਕਰ ਦਿੰਦਾ ਹੈ, ਤਾਂ ਦਿਲ ਦਾ ਦੌਰਾ ਪੈਣ ਤੇ ਸਟ੍ਰੋਕ ਨਾਲ ਮਰਨ ਦਾ ਖ਼ਤਰਾ 10 ਪ੍ਰਤੀਸ਼ਤ ਘਟ ਜਾਵੇਗਾ।