ਨਵੀਂ ਪਹਿਲ : ਡਿਫ਼ਾਲਟਰਾਂ ਨੂੰ ਦੀਵਾਲੀ ਮੌਕੇ ਘਰ ਜਾ ਕੇ ਮਠਿਆਈ ਦੇ ਡੱਬੇ ਦੇਵੇਗਾ ਯੂਕੋ ਬੈਂਕ

0
6871
ਨਿਊਜ਼ ਡੈਸਕ, 5 ਨਵੰਬਰ। ਜਨਤਕ ਖੇਤਰ ਦੇ ਸਰਕਾਰੀ ਬੈਂਕ ਯੂਕੋ ਬੈਂਕ ਦੇ ਰਿਕਵਰੀ ਵਿਭਾਗ ਨੇ ਬੈਂਕ ਦੀ ਹਰ ਬ੍ਰਾਂਚ ਦੇ ਟਾਪ-10 ਡਿਫ਼ਾਲਟਰਾਂ ਨੂੰ ਦੀਵਾਲੀ ਮੌਕੇ ਮਿਠਾਈਆਂ ਦੇ ਡੱਬੇ ਦੇਣ ਦਾ ਫ਼ੈਸਲਾ ਕੀਤਾ ਹੈ।
ਬੈਂਕ ਵਲੋਂ ਜਾਰੀ ਕੀਤੀ ਗਈ ਇਕ ਅੰਦਰੂਨੀ ਚਿੱਠੀ ਵਿਚ ਕਿਹਾ ਗਿਆ ਹੈ ਕਿ ਜੋ ਗਾਹਕ ਮੌਜੂਦਾ ਸਮੇਂ ਵਿਚ ਕਿਸੇ ਕਾਰਨ ਡਿਫ਼ਾਲਟ ਕਰ ਗਏ ਹਨ, ਉਹ ਇਕ ਸਮੇਂ ਵਿਚ ਬੈਂਕ ਦੇ ਕੀਮਤੀ ਗਾਹਕ ਸਨ।ਦੀਵਾਲੀ ਦੇ ਖ਼ਾਸ ਮੌਕੇ ’ਤੇ ਲਿਹਾਜ਼ਾ ਬ੍ਰਾਂਚ ਦੇ ਮੈਨੇਜਰ ਇਨ੍ਹਾਂ ਦੇ ਘਰਾਂ ਵਿਚ ਜਾਣ ਅਤੇ ਇਨ੍ਹਾਂ ਨੂੰ ਜਾ ਕੇ ਮਠਿਆਈ ਦੇ ਡੱਬੇ ਦੇ ਕੇ ਆਉਣ।
ਜ਼ਿਕਰਯੋਗ ਹੈ ਕਿ ਉਂਝ ਤਾਂ ਆਮ ਤੌਰ ’ਤੇ ਬੈਂਕਾਂ ਦੇ ਮੈਨੇਜਰ ਅਪਣੇ ਚੋਟੀ ਦੇ ਗਾਹਕਾਂ ਨਾਲ ਲਗਾਤਾਰ ਰਾਬਤਾ ਰੱਖਦੇ ਹਨ ਅਤੇ ਤਿਉਹਾਰਾਂ ’ਤੇ ਉਨ੍ਹਾਂ ਨੂੰ ਬੈਂਕ ਵਲੋਂ ਤਿਉਹਾਰ ਦੀਆਂ ਵਧਾਈਆਂ ਵੀ ਭੇਜੀਆਂ ਜਾਂਦੀਆਂ ਹਨ ਪਰ ਯੂਕੋ ਬੈਂਕ ਨੇ ਗਾਹਕਾਂ ਦੇ ਸਨਮਾਨ ਨੂੰ ਧਿਆਨ ਵਿਚ ਰੱਖਦੇ ਹੋਏ ਡਿਫ਼ਾਲਟਰਾਂ ਕੋਲ ਵੀ ਸਭਿਅਕ ਢੰਗ ਨਾਲ ਜਾਣ ਅਤੇ ਤਿਉਹਾਰ ਦੀਆਂ ਵਧਾਈਆਂ ਅਤੇ ਮਠਿਆਈ ਦਾ ਡੱਬਾ ਦੇਣ ਦੀ ਸਲਾਹ ਦਿਤੀ ਹੈ।