ਜਲੰਧਰ-ਪਠਾਨਕੋਟ ਹਾਈਵੇ ‘ਤੇ ਬਣਨਗੇ ਨਵੇਂ ਬਾਈਪਾਸ, ਸ਼ਹਿਰਵਾਸੀਆਂ ਨੂੰ ਟ੍ਰੈਫਿਕ ਸਮੱਸਿਆ ਤੋਂ ਮਿਲੇਗੀ ਰਾਹਤ

0
1393

ਜਲੰਧਰ | ਦੋਆਬਾ ਇਲਾਕੇ ਦੇ ਲੋਕਾਂ ਲਈ ਇਕ ਚੰਗੀ ਖਬਰ ਹੈ। ਦਰਅਸਲ, ਜਲੰਧਰ-ਪਠਾਨਕੋਟ ਫੋਰਲੇਨ ਹਾਈਵੇ ਹੋਣ ਦੇ ਬਾਵਜੂਦ ਛੋਟੇ ਸ਼ਹਿਰਾਂ ‘ਚ ਟ੍ਰੈਫਿਕ ਜਾਮ ਨੂੰ ਘੱਟ ਕਰਨ ਲਈ ਜਲੰਧਰ-ਪਠਾਨਕੋਟ ਹਾਈਵੇ ਦੇ ਵਿਚਕਾਰ 4 ਨਵੇਂ ਬਾਈਪਾਸ ਬਣਾਏ ਜਾਣਗੇ।

ਇਸ ਦਾ ਨਿਰਮਾਣ National Highways Authority of India (NHAI) ਵੱਲੋਂ ਕੀਤਾ ਜਾਵੇਗਾ। ਇਨ੍ਹਾਂ ਬਾਈਪਾਸ ਦਾ ਨਿਰਮਾਣ ਭੋਗਪੁਰ, ਟਾਂਡਾ, ਦਸੂਹਾ ਤੇ ਮੁਕੇਰੀਆਂ ‘ਚ ਕੀਤਾ ਜਾਵੇਗਾ। ਲੋਕਾਂ ਤੋਂ ਜ਼ਮੀਨ ਖਰੀਦਣ ਤੋਂ ਬਾਅਦ ਇਸ ਦੇ ਨਿਰਮਾਣ ਲਈ ਟੈਂਡਰ ਕੱਢੇ ਜਾਣਗੇ।

NHAI ਵੱਲੋਂ 4 ਨਵੇਂ ਬਾਈਪਾਸ ਦੇ ਨਿਰਮਾਣ ਲਈ ਜ਼ਮੀਨ ਖਰੀਦਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। NHAI ਜਲੰਧਰ ਦੇ ਦਫਤਰ ਮੁਤਾਬਕ ਚਾਲੂ ਵਿੱਤੀ ਸਾਲ ‘ਚ ਹੀ ਟੈਂਡਰ ਖੋਲ੍ਹਣ ਦਾ ਟੀਚਾ ਰੱਖਿਆ ਗਿਆ ਹੈ।

ਜਾਣਕਾਰੀ ਅਨੁਸਾਰ ਬਾਈਪਾਸ ਦੇ ਨਿਰਮਾਣ ਲਈ ਭੋਗਪੁਰ ‘ਚ 55 ਹੈਕਟੇਅਰ, ਟਾਂਡਾ ‘ਚ 130 ਹੈਕਟੇਅਰ, ਦਸੂਹਾ ਤੇ ਮੁਕੇਰੀਆਂ ‘ਚ 70-70 ਹੈਕਟੇਅਰ ਜ਼ਮੀਨ ਖਰੀਦੀ ਜਾ ਰਹੀ ਹੈ।

ਭੋਗਪੁਰ ‘ਚ ਮੌਜੂਦਾ ਹਾਈਵੇ ਵਿੱਚ ਖੱਬੇ ਪਾਸੇ ਟਾਂਡਾ ‘ਚ ਰਿੰਗ ਰੋਡ, ਦਸੂਹਾ ਤੇ ਮੁਕੇਰੀਆਂ ‘ਚ ਹਾਈਵੇ ਦੇ ਸੱਜੇ ਪਾਸੇ ਬਾਈਪਾਸ ਦਾ ਨਿਰਮਾਣ ਕੀਤਾ ਜਾਵੇਗਾ। ਚਾਰੋਂ ਪਾਸੇ ਬਾਈਪਾਸ ਦੇ ਨਿਰਮਾਣ ‘ਤੇ ਕਰੀਬ 1000 ਕਰੋੜ ਰੁਪਏ ਖਰਚ ਹੋਣ ਦਾ ਅੰਦਾਜ਼ਾ ਲਗਾਇਆ ਗਿਆ ਹੈ। ਜ਼ਮੀਨ ਖਰੀਦਣ ਦਾ ਖਰਚ ਅਲੱਗ ਤੋਂ ਹੋਏਗਾ।

ਜ਼ਿਕਰਯੋਗ ਹੈ ਕਿ ਮੌਜੂਦਾ ਸਮੇਂ ‘ਚ ਭੋਗਪੁਰ, ਦਸੂਹਾ ਤੇ ਮੁਕੇਰੀਆਂ ਨੂੰ ਪਾਰ ਕਰਦੇ ਸਮੇਂ ਆਵਾਜਾਈ ਨੂੰ ਇਨ੍ਹਾਂ ਸ਼ਹਿਰਾਂ ‘ਚੋਂ ਹੋ ਕੇ ਲੰਘਣਾ ਪੈਂਦਾ ਹੈ। ਭਾਰੀ ਟ੍ਰੈਫਿਕ ਕਾਰਨ ਇਨ੍ਹਾਂ ਤਿੰਨਾਂ ਥਾਵਾਂ ‘ਤੇ ਅਕਸਰ ਜਾਮ ਲੱਗ ਜਾਂਦੇ ਹਨ। ਬਾਈਪਾਸ ਬਣਨ ਨਾਲ ਲੋਕਾਂ ਦੀ ਪ੍ਰੇਸ਼ਾਨੀ ਤਾਂ ਘਟੇਗੀ ਹੀ, ਉਥੇ ਹੀ ਵਾਹਨ ਚਾਲਕਾਂ ਨੂੰ ਵੀ ਸੌਖ ਰਹੇਗੀ।