ਬਠਿੰਡਾ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਨਜ਼ਦੀਕੀ ਪਿੰਡ ਗੋਨਿਆਣਾ ਕਲਾਂ ਵਿਖੇ ਨੌਜਵਾਨ ਦੀ ਰਿਸ਼ਤੇ ‘ਚ ਭਰਾ ਲੱਗਦੇ ਨਸ਼ੇੜੀ ਵੱਲੋਂ ਕੁਹਾੜੀ ਮਾਰ ਕੇ ਕਤਲ ਕਰਨ ਦੀ ਸੂਚਨਾ ਮਿਲੀ ਹੈ। ਜਾਣਕਾਰੀ ਅਨੁਸਾਰ ਨਜ਼ਦੀਕੀ ਪਿੰਡ ਗੋਨਿਆਣਾ ਕਲਾਂ ਦੇ ਰਹਿਣ ਵਾਲੇ ਬੀਜੇ ਸਿੰਘ ਪੁੱਤਰ ਖੰਡਾ ਸਿੰਘ ਉਮਰ 40 ਸਾਲ, ਅੰਗਰੇਜ਼ ਕੌਰ ਪਤਨੀ ਖੰਡਾ ਸਿੰਘ ਜੋ ਕਿ ਰਿਸ਼ਤੇ ਵਿਚ ਦੋਨੋ ਮਾਂ-ਪੁੱਤ ਹੀ ਹਨ, ਉੱਪਰ ਇਕ ਗੁਆਂਢ ‘ਚ ਰਹਿੰਦੇ ਨਸ਼ੇੜੀ ਰੇਸ਼ਮ ਸਿੰਘ ਪੁੱਤਰ ਕਪੂਰ ਸਿੰਘ ਨੇ ਬੀਤੀ ਰਾਤ ਬੀਜੇ ਦੇ ਘਰ ਜਾ ਕੇ ਸੁੱਤੇ ਪਏ ਪਰਿਵਾਰ ‘ਤੇ ਹਮਲਾ ਕਰ ਦਿੱਤਾ।
ਇਸ ਦੌਰਾਨ ਦੋਵੇਂ ਮਾਂ-ਪੁੱਤ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਏ। ਦੋਵਾਂ ਨੂੰ ਹਸਪਤਾਲ ਪਹੁੰਚਣ ‘ਤੇ ਡਾਕਟਰਾਂ ਵੱਲੋਂ ਬੀਜੇ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਤੇ ਅੰਗਰੇਜ਼ ਕੌਰ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਹਮਲਾ ਕਰਨ ਵਾਲਾ ਨੌਜਵਾਨ ਰਿਸ਼ਤੇ ‘ਚ ਬੀਜੇ ਸਿੰਘ ਦੇ ਚਾਚੇ ਦਾ ਪੁੱਤ ਸੀ ਜੋ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਨਸ਼ਾ ਕਰਨ ਦਾ ਆਦੀ ਸੀ।
ਬੀਜੇ ਸਿੰਘ ਰੇਸ਼ਮ ਨੂੰ ਨਸ਼ਾ ਕਰਨ ਤੋਂ ਰੋਕਦਾ ਸੀ, ਇਸੇ ਰੰਜਿਸ਼ ਤਹਿਤ ਰੇਸ਼ਮ ਸਿੰਘ ਨੇ ਹਮਲਾ ਕਰਕੇ ਬੀਜੇ ਸਿੰਘ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਥਾਣਾ ਨੇਹੀਆਂ ਵਾਲਾ ਦੇ ਪੁਲਿਸ ਮੁਖੀ ਕਰਮਜੀਤ ਕੌਰ ਅਨੁਸਾਰ ਦੋਸ਼ੀ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰਕੇ ਭਾਲ ਜਾਰੀ ਹੈ। ਉਸਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ