ਨਵਾਂਸ਼ਹਿਰ, 25 ਨਵੰਬਰ | ਇਥੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਪਿੰਡ ਬਾਹੜੋਵਾਲ ਵਿਚ ਇਕ ਸ਼ਰਾਬੀ ਪੁੱਤ ਵੱਲੋਂ ਆਪਣੇ ਹੀ ਪਿਓ ’ਤੇ ਇੱਟਾ ਨਾਲ ਹਮਲਾ ਕਰਕੇ ਉਸ ਨੂੰ ਗੰਭੀਰ ਰੂਪ ਵਿਚ ਜ਼ਖ਼ਮੀ ਕਰਨ ਉਪਰੰਤ ਘਰੋਂ ਬਾਹਰ ਕੱਢ ਦਿੱਤਾ ਗਿਆ। ਇਸ ਦੌਰਾਨ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਇਸ ਸਬੰਧੀ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਲਖਵੀਰ ਰਾਮ ਪੁੱਤਰ ਦਿਲਬਾਰਾ ਉਰਫ਼ ਦਿਲਬਾਗ਼ ਨੇ ਦੱਸਿਆ ਕਿ ਉਹ 22 ਨਵੰਬਰ ਦੀ ਦੇਰ ਰਾਤ ਕੰਮ ਤੋਂ ਆਪਣੇ ਘਰ ਵਾਪਸ ਆਇਆ ਤਾਂ ਦੇਖਿਆ ਕਿ ਉਸ ਦੇ ਪਿਤਾ ਦਿਲਬਾਰਾ ਦੇ ਗੇਟ ਦੇ ਬਾਹਰ ਗਲੀ ਵਿਚ ਕੰਬਲ ਲਪੇਟ ਕੇ ਬੈਠੇ ਹੋਏ ਸਨ।
ਜਿਨ੍ਹਾਂ ਦੇ ਸਿਰ ਵਿਚੋਂ ਕਾਫੀ ਖ਼ੂਨ ਵਗ ਰਿਹਾ ਸੀ। ਇਸ ਬਾਰੇ ਜਦੋਂ ਉਸ ਨੇ ਆਪਣੇ ਵੱਡੇ ਭਰਾ ਮਦਨ ਲਾਲ ਉਰਫ਼ ਬੁੱਧੂ ਨੂੰ ਪੁੱਛਿਆ ਤਾਂ ਉਸ ਨੇ ਕਿਹਾ ਕਿ ਉਹ ਛੱਤ ਤੋਂ ਹੇਠਾਂ ਡਿੱਗ ਪਏ ਹਨ, ਜਿਸ ਕਾਰਨ ਇਹ ਸੱਟਾਂ ਲੱਗੀਆਂ ਹਨ। ਉਸ ਨੇ ਦੱਸਿਆ ਕਿ ਉਨ੍ਹਾਂ ਇਸ ਸਬੰਧੀ ਪਿੰਡ ਦੇ ਪੰਚ ਗੁਰਜੀਤ ਸਿੰਘ ਨੂੰ ਫ਼ੋਨ ਕਰਕੇ ਬੁਲਾ ਲਿਆ ਅਤੇ ਇਸ ਦੀ ਜਾਣਕਾਰੀ ਦਿੱਤੀ। ਡਾਕਟਰ ਵਲੋਂ ਉਨ੍ਹਾਂ ਦਾ ਇਲਾਜ ਕੀਤਾ ਗਿਆ।
ਉਸ ਨੇ ਕਿਹਾ ਕਿ ਜਦੋਂ ਉਸ ਨੇ ਆਪਣੇ ਪਿਤਾ ਦੇ ਸਿਰ ’ਤੇ ਲੱਗੀਆਂ ਹੋਰ ਸੱਟਾਂ ਨੂੰ ਵੇਖਿਆ ਤਾਂ ਉਸ ਨੇ ਪਿਤਾ ਨੂੰ ਮੁੜ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ ਮਦਨ ਲਾਲ ਉਰਫ਼ ਬੁੱਧੂ ਨੇ ਲੜਾਈ-ਝਗੜਾ ਕਰਕੇ ਉਨ੍ਹਾਂ ਦੇ ਇਹ ਸੱਟਾਂ ਮਾਰੀਆਂ ਹਨ ਤੇ ਇੱਟਾਂ ਮਾਰੀਆਂ ਹਨ। ਉਪਰੰਤ ਉਹ ਬੇਹੋਸ਼ ਹੋ ਗਏ ਅਤੇ ਕੁਝ ਸਮੇਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ।
ਉਧਰ ਥਾਣਾ ਸਦਰ ਦੇ ਐਸ. ਐਚ. ਓ. ਇੰਸਪੈਕਟਰ ਰਾਜੀਵ ਕੁਮਾਰ ਹਸਪਤਾਲ ਪੁੱਜ ਗਏ ਅਤੇ ਮ੍ਰਿਤਕ ਦਿਲਬਾਰਾ ਉਰਫ ਦਿਲਬਾਗ ਦੀ ਮ੍ਰਿਤਕ ਦੇਹ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਬੰਗਾ ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਿਲਾਬਾਰਾ ਦੇ ਪੁੱਤਰ ਲਖਵੀਰ ਰਾਮ ਵੱਲੋਂ ਦਿੱਤੇ ਬਿਆਨਾਂ ਦੇ ਆਧਾਰ ’ਤੇ ਉਸ ਦੇ ਵੱਡੇ ਭਰਾ ਮਦਨ ਲਾਲ ਉਰਫ ਬੁੱਧੂ ਵਿਰੁੱਧ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।