ਨਵਜੋਤ ਸਿੱਧੂ ਅੱਜ ਮੂਸੇਵਾਲਾ ਪਿੰਡ ਜਾ ਕੇ ਸਿੱਧੂ ਦੇ ਮਾਤਾ-ਪਿਤਾ ਨਾਲ ਕਰਨਗੇ ਮੁਲਾਕਾਤ

0
278

ਚੰਡੀਗੜ੍ਹ | ਰੋਡ ਰੇਜ ਮਾਮਲੇ ‘ਚ ਇਕ ਸਾਲ ਦੀ ਸਜ਼ਾ ਕੱਟ ਕੇ ਵਾਪਸ ਪਰਤੇ ਨਵਜੋਤ ਸਿੰਘ ਸਿੱਧੂ ਸੋਮਵਾਰ ਨੂੰ ਪਿੰਡ ਮੂਸੇਵਾਲਾ ‘ਚ ਸਿੱਧੂ ਮੂਸੇਵਾਲਾ ਦੀ ਹਵੇਲੀ ਦਾ ਦੌਰਾ ਕਰਨਗੇ। ਭਾਵੇਂ ਉਨ੍ਹਾਂ ਨੇ ਐਤਵਾਰ ਨੂੰ ਹੀ ਪਿੰਡ ਮੂਸੇ ਵਿਖੇ ਆਉਣ ਦਾ ਪ੍ਰੋਗਰਾਮ ਬਣਾਇਆ ਸੀ ਪਰ ਕੁਝ ਕਾਰਨਾਂ ਕਰ ਕੇ ਪ੍ਰੋਗਰਾਮ ਨੂੰ ਬਦਲ ਕੇ ਸੋਮਵਾਰ ਦੁਪਹਿਰ 1 ਵਜੇ ਕਰ ਦਿੱਤਾ ਗਿਆ। ਸਿੱਧੂ ਐਤਵਾਰ ਨੂੰ ਪਟਿਆਲਾ ਵਿੱਚ ਹੀ ਰਹੇ।

ਖਾਸ ਗੱਲ ਇਹ ਹੈ ਕਿ ਨਵਜੋਤ ਸਿੱਧੂ ਅਤੇ ਰਾਜਾ ਵੈਡਿੰਗ ਹੀ ਸਿੱਧੂ ਮੂਸੇਵਾਲਾ ਨੂੰ ਕਾਂਗਰਸ ‘ਚ ਲੈ ਕੇ ਆਏ ਸਨ। ਉਨ੍ਹਾਂ ਨੂੰ ਵੀ ਹਾਈਕਮਾਂਡ ਨੇ ਸਿੱਧੂ ਦੀ ਸਲਾਹ ‘ਤੇ ਹੀ ਚੋਣ ਟਿਕਟ ਦਿੱਤੀ ਸੀ। ਇਹ ਨਵਜੋਤ ਸਿੱਧੂ ਹੀ ਸੀ, ਜਿਸ ਨੇ ਸਿੱਧੂ ਮੂਸੇਵਾਲਾ ਨੂੰ ਰਾਹੁਲ ਗਾਂਧੀ ਨਾਲ ਵੀ ਮਿਲਾਇਆ ਸੀ। ਨਵਜੋਤ ਸਿੱਧੂ ਉਨ੍ਹਾਂ ਦੇ ਪਰਿਵਾਰ ਨੂੰ ਨਹੀਂ ਮਿਲ ਸਕੇ ਕਿਉਂਕਿ ਸਿੱਧੂ ਮੂਸੇਵਾਲਾ ਦੇ ਕਤਲ ਸਮੇਂ ਉਹ ਜੇਲ ਵਿੱਚ ਸਨ। ਹਾਲਾਂਕਿ ਸਿੱਧੂ ਦੇ ਟਵਿੱਟਰ ਅਕਾਊਂਟ ‘ਤੇ ਦੁੱਖ ਪ੍ਰਗਟ ਕੀਤਾ ਗਿਆ। ਇਸ ਦੌਰਾਨ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਐਤਵਾਰ ਨੂੰ ਕਿਹਾ ਕਿ ਉਹ ਜਲੰਧਰ ਉਪ ਚੋਣ ਦੌਰਾਨ ਸਰਕਾਰ ਵਿਰੁੱਧ ਪ੍ਰਚਾਰ ਕਰਨਗੇ।

ਨਵਜੋਤ ਸਿੰਘ ਸਿੱਧੂ ਦੀ ਜੇਲ੍ਹ ਤੋਂ ਰਿਹਾਈ ਤੋਂ ਬਾਅਦ ਅੰਮ੍ਰਿਤਸਰ ਵਿੱਚ ਉਨ੍ਹਾਂ ਦੇ ਸਮਰਥਕਾਂ ਵਿੱਚ ਖੁਸ਼ੀ ਦੀ ਲਹਿਰ ਹੈ। ਉਨ੍ਹਾਂ ਦੇ ਸਮਰਥਕਾਂ ਨੇ ਉਨ੍ਹਾਂ ਦੇ ਸਵਾਗਤ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਹਾਲਾਂਕਿ ਨਵਜੋਤ ਸਿੱਧੂ ਦੇ ਅੰਮ੍ਰਿਤਸਰ ਦੌਰੇ ਦਾ ਪ੍ਰੋਗਰਾਮ ਅਜੇ ਤੈਅ ਨਹੀਂ ਹੋਇਆ ਹੈ।

ਜ਼ਿਲਾ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਐਡਵੋਕੇਟ ਗਗਨ ਭਾਟੀਆ ਨੇ ਕਿਹਾ ਕਿ ਸਿੱਧੂ ਪਾਰਟੀ ਦੇ ਸਟਾਰ ਆਗੂ ਹਨ। ਉਨ੍ਹਾਂ ਦੀ ਰਿਹਾਈ ਤੋਂ ਬਾਅਦ ਪਾਰਟੀ ਦੀਆਂ ਗਤੀਵਿਧੀਆਂ ਤੇਜ਼ ਹੋ ਜਾਣਗੀਆਂ। ਪਾਰਟੀ ਹੋਰ ਮਜਬੂਤ ਹੋਵੇਗੀ ਅਤੇ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਵਿਚ ਪਾਰਟੀ ਨੂੰ ਵੱਡੀ ਸਫਲਤਾ ਮਿਲੇਗੀ। ਸਿੱਧੂ ਦਾ ਅੰਮ੍ਰਿਤਸਰ ਪਹੁੰਚਣ ‘ਤੇ ਪਾਰਟੀ ਰਵਾਇਤ ਅਨੁਸਾਰ ਸਵਾਗਤ ਕੀਤਾ ਜਾਵੇਗਾ।