ਹੁਸ਼ਿਆਰਪੁਰ/ਅੰਮ੍ਰਿਤਸਰ/ਫਤਿਹਗੜ੍ਹ ਸਾਹਿਬ/ਫਰੀਦਕੋਟ/ਜਲੰਧਰ | ਪੰਜਾਬ ਕਾਂਗਰਸ ‘ਚ ਵੱਡੇ ਕਲੇਸ਼ ਤੋਂ ਬਾਅਦ ਆਖਿਰਕਾਰ ਨਵਜੋਤ ਸਿੰਘ ਸਿੱਧੂ ਨੂੰ ਸੂਬਾ ਪ੍ਰਧਾਨ ਬਣਾਉਣ ਦਾ ਐਲਾਨ ਕਰ ਹੀ ਦਿੱਤਾ।
ਸਾਢੇ 4 ਸਾਲ ਪਹਿਲਾਂ ਕਾਂਗਰਸ ‘ਚ ਆਏ ਸਿੱਧੂ ਦੇ ਨਾਲ 4 ਕਾਰਜਕਾਰੀ ਪ੍ਰਧਾਨ ਵੀ ਬਣਾਏ ਗਏ ਹਨ, ਜਿਨ੍ਹਾਂ ‘ਚ ਦੋਆਬਾ ਤੋਂ ਪਿੱਛੜੇ ਵਰਗ ਦੇ ਸੰਗਤ ਸਿੰਘ ਗਿਲਜੀਆਂ, ਮਾਝਾ ਤੋਂ ਦਲਿਤ ਵਰਗ ਦੇ ਸੁਖਵਿੰਦਰ ਸਿੰਘ ਡੈਨੀ, ਮਾਲਵਾ ਤੋਂ ਹਿੰਦੂ ਸਵਰਨ ਵਰਗ ਦੇ ਪਵਨ ਗੋਇਲ ਤੇ ਸਿੱਖ ਵਰਗ ਦੇ ਕੁਲਜੀਤ ਨਾਗਰਾ ਦੇ ਨਾਂ ਸ਼ਾਮਿਲ ਹਨ।
ਕਰੀਬ 9 ਵਜੇ ਇਸ ਦਾ ਐਲਾਨ ਕੀਤਾ ਗਿਆ। ਇਸ ਤੋਂ ਪਹਿਲਾਂ ਪੂਰਾ ਦਿਨ ਪੰਜਾਬ ਦੀ ਸਿਆਸਤ ‘ਚ ਹਲਚਲ ਰਹੀ। ਜਿਥੇ ਸਿੱਧੂ ਪਟਿਆਲਾ, ਲੁਧਿਆਣਾ, ਜਲੰਧਰ ‘ਚ ਕਾਂਗਰਸੀ ਵਿਧਾਇਕਾਂ ਨਾਲ ਮਿਲ ਕੇ ਸਮਰਥਨ ਜੁਟਾਉਣ ‘ਚ ਲੱਗੇ ਰਹੇ, ਉਥੇ ਕੈਪਟਨ ਦੇ ਸਮਰਥਨ ‘ਚ 10 ਵਿਧਾਇਕਾਂ ਨੇ ਹਾਈਕਮਾਨ ਨੂੰ ਚਿੱਠੀ ਲਿਖ ਕੇ CM ਤੋਂ ਮਾਫੀ ਮੰਗਣ ਲਈ ਕਿਹਾ।
ਸੰਗਤ ਸਿੰਘ ਗਿਲਜੀਆਂ : ਦੋਆਬਾ ਖੇਤਰ ਨਾਲ ਸੰਬੰਧਿਤ ਹਨ। 3 ਵਾਰ ਵਿਧਾਇਕ ਰਹੇ ਹਨ। 2007 ‘ਚ ਪਹਿਲੀ ਵਾਰ ਵਿਧਾਇਕ ਬਣੇ। 2012 ‘ਚ ਦੂਜੀ ਵਾਰ ਤੇ 2017 ‘ਚ, ਤੀਜੀ ਵਾਰ ਉੜਮੁੜ ਤੋਂ ਵਿਧਾਇਕ ਬਣੇ। ਪਿੱਛੜੇ ਵਰਗ ਦੀ ਪ੍ਰਤੀਨਿਧਤਾ ਕਰਦੇ ਹਨ।
ਸੁਖਵਿੰਦਰ ਸਿੰਘ ਡੈਨੀ : ਮਾਝਾ ਤੋਂ ਹਨ। ਜੰਡਿਆਲਾ ਤੋਂ ਵਿਧਾਇਕ ਡੈਨੀ 11 ਸਾਲ ਪੰਜਾਬ ਯੂਥ ਕਾਂਗਰਸ ਦੇ ਉਪ ਪ੍ਰਧਾਨ ਰਹੇ ਹਨ। 6 ਸਾਲ ਤੋਂ ਡੈਨੀ ਯੂਥ ਕਾਂਗਰਸ ਦੇ ਜਨਰਲ ਸਕੱਤਰ ਰਹੇ। ਦਲਿਤ ਵਰਗ ਨਾਲ ਜੁੜੇ ਹੋਏ ਹਨ। ਪਿਤਾ ਸਰਦੂਲ ਸਿੰਘ ਵੀ ਮੰਤਰੀ ਰਹੇ ਹਨ।
ਪਵਨ ਗੋਇਲ : ਮਾਲਵਾ ਤੋਂ ਹਿੰਦੂ ਸਵਰਨ ਹਨ। ਜੈਤੋ ਤੋਂ ਪੁਰਾਣੇ ਦਿੱਗਜ ਨੇਤਾਵਾਂ ‘ਚੋਂ ਇਕ ਹਨ। ਇਸ ਤੋਂ ਪਹਿਲਾਂ ਜ਼ਿਲਾ ਅਧਿਕਾਰੀ ਰਹਿ ਚੁੱਕੇ ਹਨ। ਜ਼ਿਲਾ ਯੋਜਨਾ ਬੋਰਡ ਦੇ ਵਰਤਮਾਨ ਚੇਅਰਮੈਨ ਹਨ।
ਕੁਲਜੀਤ ਨਾਗਰਾ : ਮਾਲਵਾ ਤੋਂ ਹਨ। ਹਾਈਕਮਾਨ ਦੇ ਨਜ਼ਦੀਕੀ ਮੰਨੇ ਜਾਂਦੇ ਹਨ। ਸਿੱਖ ਪਰਿਵਾਰ ‘ਚੋਂ ਹਨ।
(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)