ਸ਼ਿਮਲਾ| ਹਿਮਾਚਲ ਪ੍ਰਦੇਸ਼ ਵਿਚ ਜ਼ਮੀਨ ਖਿਸਕਣ ਅਤੇ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ 60 ਹੋ ਗਈ ਹੈ। ਸੂਬੇ ਦੇ ਕਈ ਜ਼ਿਲ੍ਹਿਆਂ ਵਿਚ ਬੱਦਲ ਫਟਣ ਅਤੇ ਭਾਰੀ ਮੀਂਹ ਕਾਰਨ ਸੂਬੇ ਵਿਚ ਅਜੇ ਵੀ ਕਈ ਲੋਕ ਮਲਬੇ ਹੇਠਾਂ ਦੱਬੇ ਹੋਏ ਹਨ। ਸਭ ਤੋਂ ਵੱਧ 23 ਅਤੇ 19 ਲੋਕਾਂ ਦੀ ਮੌਤ ਮੰਡੀ ਅਤੇ ਸ਼ਿਮਲਾ ਜ਼ਿਲ੍ਹਿਆਂ ਵਿਚ ਹੋਈ ਹੈ। ਬਚਾਅ ਮੁਹਿੰਮ ਵਿਚ ਸ਼ਾਮਲ ਟੀਮਾਂ ਨੇ ਮੰਗਲਵਾਰ ਨੂੰ ਸ਼ਿਮਲਾ ਦੇ ਸਮਰ ਹਿੱਲ ਖੇਤਰ ਤੋਂ ਤਿੰਨ ਹੋਰ ਲਾਸ਼ਾਂ ਬਰਾਮਦ ਕੀਤੀਆਂ, ਜਿਥੇ ਬੀਤੀ ਢਿੱਗਾਂ ਡਿੱਗਣ ਕਾਰਨ ਮੰਦਰ ਤਬਾਹ ਹੋ ਗਿਆ, ਜਿਸ ਵਿਚ ਦੋ ਦਰਜਨ ਤੋਂ ਵੱਧ ਲੋਕ ਫਸ ਗਏ। ਹੁਣ ਤਕ ਇਥੇ 12 ਲਾਸ਼ਾਂ ਮਿਲੀਆਂ ਹਨ।
ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ‘ਚ ਹਾਲਾਤ ਹੋਰ ਖਰਾਬ ਹੋਣ ਦੀ ਸੰਭਾਵਨਾ ਹੈ। ਸ਼ਿਮਲਾ ਅਤੇ ਹੋਰ ਕਈ ਥਾਵਾਂ ‘ਤੇ ਜ਼ਮੀਨ ਖਿਸਕਣ ਦੀ ਸੰਭਾਵਨਾ ਵੱਧ ਰਹੀ ਹੈ। ਮੰਗਲਵਾਰ ਨੂੰ ਕ੍ਰਿਸ਼ਨਾ ਨਗਰ ਇਲਾਕੇ ਵਿਚ ਢਿੱਗਾਂ ਡਿੱਗਣ ਦੀ ਘਟਨਾ ਵਾਪਰੀ। ਇਲਾਕੇ ਦਾ ਮਿਊਂਸੀਪਲ ਬੁੱਚੜਖਾਨਾ ਅਤੇ ਇਸ ਦੇ ਆਲੇ-ਦੁਆਲੇ ਕਈ ਘਰ ਢਹਿ ਗਏ, ਜਿਸ ਨਾਲ ਕਈ ਲੋਕ ਮਲਬੇ ਹੇਠਾਂ ਦੱਬ ਗਏ। ਮਲਬੇ ‘ਚੋਂ ਦੋ ਲਾਸ਼ਾਂ ਕੱਢੀਆਂ ਗਈਆਂ ਹਨ।
ਸੂਬੇ ਵਿਚ ਨੁਕਸਾਨੇ ਗਏ 9600 ਘਰ
ਅਧਿਕਾਰੀਆਂ ਨੇ ਬੁਧਵਾਰ ਨੂੰ ਸੂਬੇ ਭਰ ਦੇ ਸਾਰੇ ਵਿਦਿਅਕ ਅਦਾਰੇ ਬੰਦ ਕਰ ਦਿਤੇ ਹਨ। ਹਿਮਾਚਲ ਵਿਚ ਇਸ ਮਾਨਸੂਨ ਸੀਜ਼ਨ ਵਿਚ ਬੱਦਲ ਫਟਣ ਅਤੇ ਢਿੱਗਾਂ ਡਿੱਗਣ ਦੀਆਂ ਕੁੱਲ 170 ਘਟਨਾਵਾਂ ਦਰਜ ਕੀਤੀਆਂ ਗਈਆਂ ਹਨ, ਜਿਸ ਵਿਚ ਲਗਭਗ 9,600 ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਸੱਭ ਤੋਂ ਵੱਧ ਪ੍ਰਭਾਵਤ ਜ਼ਿਲ੍ਹੇ ਸੋਲਨ, ਸ਼ਿਮਲਾ, ਮੰਡੀ, ਹਮੀਰਪੁਰ ਅਤੇ ਕਾਂਗੜਾ ਹਨ। ਪੌਂਗ ਡੈਮ ਤੋਂ ਪਾਣੀ ਛੱਡਣ ਕਾਰਨ ਆਏ ਹੜ੍ਹ ਕਾਰਨ ਕਾਂਗੜਾ ਦੇ ਮੰਡ ‘ਚ 500 ਤੋਂ ਵੱਧ ਲੋਕ ਫਸ ਗਏ ਹਨ। ਮੰਡੀ ਜ਼ਿਲ੍ਹੇ ਦੇ ਬਲਦਵਾੜਾ ਇਲਾਕੇ ‘ਚ ਪੰਜ ਮਕਾਨ ਡਿੱਗਣ ਦੀ ਖ਼ਬਰ ਸਾਹਮਣੇ ਆਈ ਹੈ।
ਹੁਣ ਤਕ ਕਰੀਬ 60 ਲੋਕਾਂ ਦੀ ਮੌਤ
ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਪਿਛਲੇ ਤਿੰਨ ਦਿਨਾਂ ਵਿਚ ਮੀਂਹ ਵਿਚ 157% ਵਾਧੇ ਵੱਲ ਇਸ਼ਾਰਾ ਕੀਤਾ ਹੈ। ਸੁੱਖੂ ਨੇ ਕਿਹਾ ਕਿ 1,220 ਬਲਾਕ ਕੀਤੀਆਂ ਸੜਕਾਂ ਵਿਚੋਂ 400 ਨੂੰ ਬਹਾਲ ਕਰ ਦਿਤਾ ਗਿਆ ਹੈ, ਪਰ ਚੁਨੌਤੀਆਂ ਅਜੇ ਵੀ ਹਨ। ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਦਸਿਆ ਕਿ ਹਿਮਾਚਲ ਪ੍ਰਦੇਸ਼ ‘ਚ 48 ਘੰਟਿਆਂ ‘ਚ 60 ਦੇ ਕਰੀਬ ਲੋਕਾਂ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ਵਿਚ ਇਸ ਆਫ਼ਤ ਦੇ ਸਮੇਂ ਵਿਚ 800 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ।