ਨਾਭਾ ਜੇਲ੍ਹ ਬ੍ਰੇਕ ਕਾਂਡ : ਅਦਾਲਤ ਨੇ 22 ਵਿਅਕਤੀਆਂ ਨੂੰ ਦਿੱਤਾ ਦੋਸ਼ੀ ਕਰਾਰ, 6 ਨੂੰ ਕੀਤਾ ਬਰੀ

0
994

ਨਾਭਾ| ਨਾਭਾ ਜੇਲ੍ਹ ਬਰੇਕ ਮਾਮਲੇ ਵਿੱਚ ਅੱਜ ਪਟਿਆਲਾ ਦੇ ਵਧੀਕ ਸੈਸ਼ਨ ਜੱਜ ਐਚ.ਐਸ.ਗਰੇਵਾਲ ਦੀ ਅਦਾਲਤ ਨੇ ਆਪਣਾ ਇਤਿਹਾਸਕ ਫੈਸਲਾ ਸੁਣਾਉਂਦੇ ਹੋਏ 22 ਵਿਅਕਤੀਆਂ ਨੂੰ ਦੋਸ਼ੀ ਕਰਾਰ ਦਿੱਤਾ ਅਤੇ 6 ਵਿਅਕਤੀਆਂ ਨੂੰ ਬਰੀ ਕਰ ਦਿੱਤਾ ਹੈ।

ਅਦਾਲਤ ਵੱਲੋਂ ਇਸ ਕੇਸ ਵਿੱਚ ਦੋਸ਼ੀ ਠਹਿਰਾਏ ਗਏ ਵਿਅਕਤੀਆਂ ਵਿੱਚ ਗੁਰਪ੍ਰੀਤ ਸਿੰਘ ਮਾਂਗੇਵਾਲ, ਮਨਵੀਰ ਸਿੰਘ, ਗੁਰਜੀਤ ਲਾਡਾ, ਭੀਮ ਸਿੰਘ ਸਹਾਇਕ ਜੇਲ੍ਹ ਸੁਪਰਡੈਂਟ ਜਸਮੀਤ ਸਿੰਘ, ਮਨਜਿੰਦਰ ਸਿੰਘ, ਸੁਲੱਖਣ ਸਿੰਘ, ਗੁਰਪ੍ਰੀਤ ਸਿੰਘ, ਪਲਵਿੰਦਰ ਸਿੰਘ ਪਿੰਦਾ, ਬਿੱਕਰ ਸਿੰਘ, ਹਰਜੋਤ ਸਿੰਘ, ਰਵਿੰਦਰ ਸਿੰਘ ਉਰਫ਼ ਗਿਆਨਾ, ਗੁਰਪ੍ਰੀਤ ਸਿੰਘ ਸੇਖੋਂ, ਕਿਰਨਪਾਲ ਸਿੰਘ, ਸੁਖਚੈਨ ਸਿੰਘ, ਰਾਜਵਿੰਦਰ ਸਿੰਘ ਉਰਫ ਰਾਜੂ, ਕੁਲਵਿੰਦਰ ਸਿੰਘ, ਸੁਨੀਲ ਕਾਲੜਾ, ਅਮਨਦੀਪ ਸਿੰਘ, ਅਮਨ ਕੁਮਾਰ ਅਤੇ ਦੋ ਹੋਰ ਸ਼ਾਮਲ ਹਨ। ਇਸ ਤੋਂ ਇਲਾਵਾ ਨਰੇਸ਼ ਨਾਰੰਗ, ਜਤਿੰਦਰ ਸਿੰਘ, ਮੁਹੰਮਦ ਟੰਡਨ ਦੀਆਂ ਦਲੀਲਾਂ ਨੂੰ ਸਵੀਕਾਰ ਕਰਦਿਆਂ ਉਨ੍ਹਾਂ ਨੂੰ ਬਰੀ ਕਰ ਦਿੱਤਾ ਗਿਆ।

ਜ਼ਿਕਰਯੋਗ ਹੈ ਕਿ ਸਾਲ 2016 ਵਿੱਚ ਨਾਭਾ ਦੀ ਮੈਕਸੀਮਮ ਸਕਿਓਰਿਟੀ ਜੇਲ੍ਹ ਦੇ ਗੇਟ ’ਤੇ ਲਗਜ਼ਰੀ ਗੱਡੀਆਂ ਵਿੱਚ ਸਵਾਰ ਕੁਝ ਵਿਅਕਤੀਆਂ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਸਨ ਅਤੇ ਇਸ ਹਮਲੇ ਦੌਰਾਨ ਜੇਲ੍ਹ ਵਿੱਚ ਬੰਦ ਕੈਦੀਆਂ ਨੂੰ ਛੱਡ ਕੇ ਫਰਾਰ ਹੋ ਗਏ ਸਨ। ਬਾਅਦ ਵਿੱਚ ਪੁਲਿਸ ਨੇ ਅਦਾਲਤ ਵਿੱਚ ਚਾਰਜਸ਼ੀਟ ਦਾਇਰ ਕੀਤੀ ਅਤੇ ਇਹ ਕੇਸ ਕਰੀਬ ਸਾਢੇ 7 ਸਾਲ ਅਦਾਲਤ ਵਿੱਚ ਚੱਲਿਆ। ਪੁਲਿਸ ਨੇ ਨਵੰਬਰ 2016 ਵਿੱਚ ਥਾਣਾ ਕੋਤਵਾਲੀ ਨਾਭਾ ਵਿੱਚ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ।