10 ਦਿਨਾਂ ‘ਚ ਇਕ ਹੀ ਪਰਿਵਾਰ ਦੇ 5 ਮੈਂਬਰਾਂ ਦੀ ਰਹੱਸਮਈ ਢੰਗ ਨਾਲ ਮੌਤ, ਡਾਕਟਰ ਵੀ ਹੈਰਾਨ

0
2048

ਬਿਹਾਰ | ਬਿਹਾਰ ਦੇ ਪੂਰਬੀ ਚੰਪਾਰਨ ਤੋਂ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਇਥੇ ਪਿਛਲੇ 10 ਦਿਨਾਂ ‘ਚ ਇਕ ਹੀ ਪਰਿਵਾਰ ਦੇ 5 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮ੍ਰਿਤਕਾਂ ‘ਚ 4 ਬੱਚੇ ਸ਼ਾਮਿਲ ਹਨ। ਇਹ ਮਾਮਲਾ ਜ਼ਿਲ੍ਹਾ ਮੁੱਖ ਦਫਤਰ ਮੋਤੀਹਾਰੀ ਤੋਂ ਲਗਭਗ 8 ਕਿਲੋਮੀਟਰ ਦੂਰ ਸਿਰਸਾ ਪਿੰਡ ਵਿੱਚ ਸਾਹਮਣੇ ਆਇਆ ਹੈ। ਇਕੋ ਪਰਿਵਾਰ ਦੇ 5 ਲੋਕਾਂ ਦੀ ਮੌਤ ਕਾਰਨ ਪਿੰਡ ਵਾਸੀਆਂ ਵਿੱਚ ਡਰ ਅਤੇ ਦਹਿਸ਼ਤ ਦਾ ਮਾਹੌਲ ਹੈ।

ਪਰਿਵਾਰ ਦੇ ਮੁਖੀ ਰਾਕੇਸ਼ ਪ੍ਰਸਾਦ ਨੇ ਦੱਸਿਆ ਕਿ ਅੰਸ਼ੂ ਕੁਮਾਰ (11) ਦੀ 26 ਅਗਸਤ ਨੂੰ ਮੌਤ ਹੋ ਗਈ ਸੀ, ਜਦੋਂ ਕਿ ਰਵਿੰਦਰ ਪ੍ਰਸਾਦ (28) ਅਤੇ ਉਸ ਦੇ ਪੁੱਤਰ ਪ੍ਰਿਯਾਂਸ਼ੂ (10) ਦੀ 1 ਸਤੰਬਰ ਨੂੰ ਮੌਤ ਹੋ ਗਈ ਸੀ। ਇਸ ਤੋਂ ਇਲਾਵਾ 3 ਸਤੰਬਰ ਨੂੰ ਮੁੰਨੀ ਕੁਮਾਰੀ (14) ਅਤੇ ਸਤਿਅਮ (4) ਦੀ ਮੌਤ ਹੋ ਗਈ।

ਮਰਨ ਤੋਂ ਪਹਿਲਾਂ ਇਨ੍ਹਾਂ ਲੋਕਾਂ ਨੇ ਪੇਟ ਵਿੱਚ ਦਰਦ ਦੀ ਸ਼ਿਕਾਇਤ ਕੀਤੀ ਸੀ। ਉਨ੍ਹਾਂ ਦੇ ਮੂੰਹ ‘ਚੋਂ ਝੱਗ ਵੀ ਨਿਕਲ ਰਹੀ ਸੀ। ਇਸ ਦੇ ਨਾਲ ਹੀ ਜ਼ਿਲ੍ਹਾ ਸਿਹਤ ਵਿਭਾਗ ਅਜੇ ਤੱਕ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲਗਾ ਸਕਿਆ। ਦੂਜੇ ਪਾਸੇ ਪ੍ਰੇਸ਼ਾਨ ਪਿੰਡ ਵਾਸੀਆਂ ਨੇ ਰੋਡ ਜਾਮ ਕਰ ਦਿੱਤਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਪ੍ਰਤੀ ਆਪਣਾ ਗੁੱਸਾ ਅਤੇ ਨਾਰਾਜ਼ਗੀ ਜ਼ਾਹਿਰ ਕੀਤੀ।

ਮੈਡੀਕਲ ਬੋਰਡ ਲਾਸ਼ਾਂ ਦਾ ਪੋਸਟਮਾਰਟਮ ਕਰੇਗਾ, ਉਸ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ। ਮੈਡੀਕਲ ਬੋਰਡ ਵਿੱਚ ਸ਼ਾਮਿਲ ਡਾਕਟਰਾਂ ਨੇ ਦੱਸਿਆ ਕਿ ਵਿਸਰਾ ਜਾਂਚ ਲਈ ਭੇਜਿਆ ਗਿਆ ਹੈ। ਅਜਿਹੀ ਸਥਿਤੀ ਵਿੱਚ ਫੋਰੈਂਸਿਕ ਲੈਬ ਦੀ ਰਿਪੋਰਟ ‘ਚ ਮੌਤ ਦੇ ਸਹੀ ਕਾਰਨਾਂ ਦਾ ਪਤਾ ਲੱਗੇਗਾ।

ਸਥਾਨਕ ਪੀਐੱਚਸੀ ਦੇ ਇੰਚਾਰਜ ਡਾ. ਸ਼ਰਵਣ ਪਾਸਵਾਨ ਅਤੇ ਜ਼ਿਲ੍ਹਾ ਆਈਐੱਮਏ ਦੇ ਮੁਖੀ ਡਾ. ਆਸ਼ੂਤੋਸ਼ ਸ਼ਰਨ ਨੇ ਕਿਹਾ ਕਿ ਇਹ ਮੌਤਾਂ ਸੱਪਾਂ ਜਾਂ ਕਿਸੇ ਹੋਰ ਜ਼ਹਿਰੀਲੇ ਜਾਨਵਰਾਂ ਦੇ ਕੱਟਣ ਕਾਰਨ ਹੋ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਪੀੜਤਾਂ ਨੇ ਪੇਟ ਵਿੱਚ ਦਰਦ, ਝੱਗ ਅਤੇ ਸਾਹ ਲੈਣ ‘ਚ ਤਕਲੀਫ ਦੀ ਸ਼ਿਕਾਇਤ ਕੀਤੀ ਸੀ।