ਮੇਰੀ ਡਾਇਰੀ ਦਾ ਪੰਨਾ – ਕਾਮਯਾਬੀ ਦੇ ਗੁਰ

0
463

-ਗੁਰਬਿੰਦਰ ਸਿੰਘ ਮਾਣਕ     

ਕਈ ਦਹਾਕੇ ਪਹਿਲਾਂ ਜਦੋਂ ਅਧਿਆਪਕ ਦੀ ਸਰਕਾਰੀ ਨੌਕਰੀ ਮਿਲੀ ਤਾਂ ਮਨ ਵਿਚ ਵਿਚਾਰ ਆਇਆ ਕਿ ਐਮ.ਏ ਵਿਚ ਪੜ੍ਹਾਉਂਦੇ ਰਹੇ ਆਪਣੇ ਗੁਰੂ ਤੋਂ ਅਸ਼ੀਰਵਾਦ ਲੈ ਕੇ ਹੀ ਨੌਕਰੀ ਤੇ ਹਾਜ਼ਰ ਹੋਣ ਜਾਵਾਂ। ਪੜ੍ਹਾਈ ਦੌਰਾਨ ਜ਼ਿੰਦਗੀ ਦਾ ਬਹੁਤ ਡੂੰਘਾ ਗਿਆਨ ਉਨ੍ਹਾਂ ਤੋਂ ਹਾਸਲ ਕੀਤਾ ਸੀ। ਉਨ੍ਹਾਂ ਆਪਣੇ ਸੁਭਾਵਿਕ ਅੰਦਾਜ਼ ਵਿਚ ਮੇਰੀ ਪਿੱਠ ਥਾਪੜਦਿਆਂ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਤੇ ਮੈਨੂੰ ਮੁਬਾਰਕ ਦਿੱਤੀ। ਕੁਝ ਪਲਾਂ ਤੋਂ ਬਾਅਦ ਉਹ ਕਹਿਣ ਲੱਗੇ ਇਸ ਨੂੰ ਐਂਵੇਂ ਨਾਂ ਸਮਝੀਂ। ਅਧਿਆਪਨ ਦਾ ਕਾਰਜ ਕੋਈ ਨੌਕਰੀ ਨਹੀਂ ਹੁੰਦਾ,ਇਹ ਤਾਂ ਬਹੁਤ ਜ਼ਿੰਮੇਵਾਰੀ ਨਾਲ ਸਮਰਪਿਤ ਹੋ ਕੇ ਸੇਵਾ ਨਿਭਾਉਣ ਦਾ ਕਾਰਜ ਹੈ। ਮੈਨੂੰ ਪੂਰਾ ਯਕੀਨ ਹੈ ਕਿ ਤੂੰ ਇਸ ਨੂੰ ਇਸੇ ਭਾਵਨਾ ਨਾਲ ਹੀ ਲਵੇਂਗਾ। ਉਨ੍ਹਾਂ ਨੂੰ ਚੁੱਪ ਦੇਖ ਕੇ ਮੈਂ ਕਿਹਾ ਕਿ ਮੈਨੂੰ ਕੋਈ ਅਜਿਹੇ ਗੁਰ ਦੱਸੋ ਜਿਨ੍ਹਾਂ ਨਾਲ ਮੈਂ ਕਾਮਯਾਬ ਹੋ ਸਕਾਂ। ਉਹ ਮੁਸਰਾਉਂਦਿਆਂ ਕਹਿਣ ਲੱਗੇ,’ਤੂੰ ਤਾਂ ਆਪ ਸਿਆਣਾ ਹੈ,ਕਾਮਯਾਬ ਤਾਂ ਹੋ ਹੀ ਜਾਣਾ ਹੈ । ਪਰ ਇਸ ਕਿੱਤੇ ਦੀ ਮਾਣ-ਮਰਿਆਦਾ ਬਣਾਈ ਰੱਖਣ ਲਈ ਕੁਝ ਗੱਲਾਂ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ।                                                   

ਪਹਿਲੀ ਗੱਲ ਤਾਂ ਇਹ ਹੈ ਕਿ ਮਿਹਨਤ ਦਾ ਪੱਲਾ ਕਦੇ ਨਾਂ ਛੱਡੀਂ। ਮਿਹਨਤੀ ਅਧਿਆਪਕ ਦਾ ਰੁਤਬਾ ਹੀ ਉੱਚਾ ਹੁੰਦਾ ਹੈ ਤੇ ਲੋਕਾਂ ਦਾ ਸਤਿਕਾਰ ਹਾਸਲ ਕਰਦਾ ਹੈ। ਦੂਜੀ ਗੱਲ ਇਸ ਕਿੱਤੇ ਵਿਚ ਰਹਿੰਦਿਆਂ,ਸਾਥੀਆਂ ਨਾਲ ਰਲ ਕੇ ਕਦੇ ਸ਼ਰਾਬ ਨਾਂ ਪੀਵੀਂ। ਦਾਰੂ ਤਾ ਹੋਰ ਲੋਕ ਵੀ ਬਹੁਤ ਪੀਂਦੇ ਹੋਣਗੇ,ਪਰ ਸਮਾਜ ਕਦੇ ਵੀ ਕਿਸੇ ਅਧਿਆਪਕ ਦੀ ਪੀਤੀ ਦਾਰੂ ਨੂੰ ਬਰਦਾਸ਼ਤ ਨਹੀਂ ਕਰਦਾ। ਜਿਸ ਵਿਅਕਤੀ ਉੱਤੇ ਬੱਚਿਆਂ ਦੀ ਸ਼ਖਸੀਅਤ ਉਸਾਰੀ ਦੀ ਜ਼ਿੰਮੇਵਾਰੀ ਹੋਵੇ,ਉਹ ਜੇ ਆਪ ਹੀ ਊਣਾ ਹੋਵੇ ਤਾਂ ਉਹ ਸਮਾਜ ਦੀਆਂ ਨਜ਼ਰਾਂ ਵਿਚੋਂ ਡਿੱਗ ਜਾਂਦਾ ਹੈ। ਤੀਜੀ ਗੱਲ ਸਕੂਲ ਵਿਚ ਬੱਚੀਆਂ ਤੇ ਅਧਿਆਪਕਾਵਾਂ ਵੀ ਹੋਣਗੀਆਂ,ਆਪਣੇ ਕਿਰਦਾਰ ਨੂੰ ਏਨਾ ਉੱਚਾ ਰੱਖੀਂ ਕਿ ਕਦੇ ਕੋਈ ਊਂਜ ਨਾ ਲੱਗੇ ਤੇ ਚੌਥੀ ਗੱਲ ਬੇਟਾ ਇਹ ਕਿ ਤੈਨੂੰ ਇਸ ਕਾਰਜ ਵਿਚ ਵਿਚਰਦਿਆਂ ਕਈ ਤਰ੍ਹਾਂ ਦੇ ਲੋਕ ਮਿਲਣਗੇ……ਬੱਸ ਆਪਣੇ ਕੰਮ ਨਾਲ ਹੀ ਵਾਸਤਾ ਰੱਖੀਂ,ਕਿਸੇ ਗੱਲ ਨੂੰ ਕਦੇ ਵੀ ਪ੍ਰੈਸਟਿਜ ਦਾ ਮੁੱਦਾ ਨਾਂ ਬਣਾਈਂ ।ਮੈਨੂੰ ਤੇਰੇ ‘ਤੇ ਪੂਰਾ ਯਕੀਨ ਹੈ ਕਿ ਤੂੰ ਕਾਮਯਾਬ ਹੋਵੇਂਗਾ।                      

ਨੌਕਰੀ ‘ਤੇ ਹਾਜ਼ਰ ਹੋਣ ਉਪਰੰਤ ਸਕੂਲ ਦੀ ਸਮੁੱਚੀ ਸਥਿਤੀ ਨੂੰ ਸਮਝਦਿਆਂ ਤੇ ਗੁਰੂ ਦੇ ਸਿਆਣਪ ਭਰੇ ਬੋਲਾਂ ਨੂੰ ਆਪਣੀ ਡਾਇਰੀ ਦੇ ਇਕ ਕੋਨੇ ਵਿਚ ਸਾਂਭ ਲਿਆ।ਅਧਿਆਪਨ ਦੇ ਪੈਂਤੀ ਵਰ੍ਹੇ ਲੰਮੇ ਇਸ ਸਫਰ ਵਿਚ ਜਦੋਂ ਵੀ ਕਦੇ ਕੋਈ ਸੰਕਟਮਈ ਸਥਿਤੀ ਬਣਦੀ ਤਾਂ ਗੁਰੂ ਵਲੋਂ ਦੱਸੇ ਗੁਰ ਮੇਰਾ ਰਾਹ-ਦਸੇਰਾ ਬਣ ਜਾਂਦੇ। ਪਹਿਲੇ ਵੀਹ ਸਾਲ ਸ.ਸ.ਮਾਸਟਰ ਵਜੋਂ ਤੇ ਅਗਲੇ ਪੰਦਰਾਂ ਸਾਲ ਪੰਜਾਬੀ ਲੈਕਚਰਾਰ ਵਜੋਂ ਸੇਵਾ ਨਿਭਾਉਂਦਿਆਂ ਸਭ ਤੋਂ ਪਹਿਲਾ ਗੁਰ ਤਾਂ ਇਹੀ ਧਾਰਨ ਕੀਤਾ ਕਿ ਮਿਹਨਤ ਦੇ ਰਾਹ ਤੁਰਿਆ ਜਾਵੇ ਤੇ ਬੱਚਿਆਂ ਦੇ ਮਨ ਵਿਚ ਵੀ ਅਜਿਹਾ ਅਹਿਸਾਸ ਪੈਦਾ ਕੀਤਾ ਜਾਵੇ ਕਿ ਮਿਹਨਤ ਤੋਂ ਬਿਨਾਂ ਸਫਲਤਾ ਦਾ ਹੋਰ ਕੋਈ ਰਾਹ ਨਹੀਂ ਹੈ। ਬੱਚਿਆਂ ਦੇ ਮਨ ਵਿਚ ਇਹ ਲਗਨ ਪੈਦਾ ਕਰਨ ਦਾ ਯਤਨ ਕੀਤਾ ਕਿ ਜੇ ਨਿਸ਼ਾਨਾਂ ਮਿੱਥ ਕੇ ਮਿਹਨਤ ਲਗਨ ਤੇ ਆਤਮ-ਵਿਸ਼ਵਾਸ਼ ਦੇ ਰਾਹ ਤੁਰਿਆਂ ਸਫਲਤਾ ਮਿਲ ਸਕਣੀ ਔਖੀ ਨਹੀਂ। ਬੱਚਿਆਂ ਨੂੰ ਸਾਹਿਤ,ਕਲਾ,ਵਿਗਿਆਨ ਤੇ ਗਿਆਨ ਦੇ ਵਿਸ਼ਾਲ ਸੰਸਾਰ ਨਾਲ ਜੋੜ ਕੇ ਉਨ੍ਹਾਂ ਦੇ ਮਨ ਵਿਚ ਕੁਝ ਜਾਨਣ-ਸਮਝਣ ਤੇ ਸਵਾਲ ਕਰਨ ਦੀ ਚਿਣਗ ਪੈਦਾ ਕਰਨ ਦੇ ਭਰਪੂਰ ਯਤਨ ਕੀਤੇ। ਸਾਹਿਤਕ ਤੇ ਹੋਰ ਗਿਆਨ-ਵਰਧਕ ਪੁਸਤਕਾਂ ਨਾਲ ਜੋੜ ਕੇ ਬੱਚਿਆਂ ਦੇ ਅੰਦਰਲੀ ਪ੍ਰਤਿੱਭਾ ਨੂੰ ਉਜਾਗਰ ਕਰਨ ਦੇ ਮੌਕੇ ਪ੍ਰਦਾਨ ਕੀਤੇ। ਭਾਵੇਂ ਮੈਂ ਸ਼ਰਾਬ ਨੌਕਰੀ ਤੋਂ ਪਹਿਲਾਂ ਵੀ ਨਹੀਂ ਪੀਂਦਾ ਸਾਂ,ਪਰ ਜੇ ਗੁਰੂ ਦੀ ਨਸੀਹਤ ਮੇਰੇ ਨਾਲ ਨਾਂ ਹੁੰਦੀ ਤਾਂ ਮੈਂ ਵੀ ਸ਼ਾਇਦ,ਦਾਰੂ ਦੇ ਦਰਿਆ ਵਿਚ ਰੁੜ੍ਹ ਗਿਆ ਹੁੰਦਾ।ਮੇਰਾ ਅਨੁਭਵ ਇਹ ਵੀ ਹੈ ਕਿ ਬੱਚੇ ਤੇ ਸਮਾਜ ਅਜਿਹੇ ਅਧਿਆਪਕ ਨੂੰ ਕਦੇ ਬਰਦਾਸ਼ਤ ਨਹੀਂ ਕਰਦਾ,ਜਿਹੜਾ ਨਸ਼ੇ ਦੇ ਰਾਹ ਪੈ ਕੇ,ਇਸ ਕਿੱਤੇ ਦੀ ਮਾਣ-ਮਰਿਆਦਾ ਨੂੰ ਆਪ ਹੀ ਦਾਗਦਾਰ ਕਰ ਦਿੰਦਾ ਹੈ।                       

ਕਈ ਸਕੂਲਾਂ ਵਿਚ ਸੇਵਾ ਨਿਭਾਈ ਹੈ,ਪਰ ਹਰ ਬੱਚੀ ‘ਚੋਂ ਆਪਣੀ ਧੀ ਹੀ ਨਜ਼ਰ ਆਉਂਦੀ ਰਹੀ ਹੈ। ਜੇ ਕਿਸੇ ਕੋਲੋਂ ਕੋਈ ਗਲਤੀ ਵੀ ਹੋ ਜਾਣੀ ਤਾਂ ਇੰਝ ਸਮਝਾਉਣਾ ਜਿਵੇਂ ਆਪਣੀ ਧੀ ਨੂੰ ਗਲਤੀ ਹੋਣ ਤੇ ਸਮਝਾਈਦਾ ਹੈ। ਆਪ ਤਾਂ ਇਸ ਤੇ ਪਹਿਰਾ ਦਿੱਤਾ ਹੀ ਹੈ,ਸਗੋਂ  ਕਲਾਸ ਵਿਚ ਪੜ੍ਹਾਉਂਦਿਆਂ,ਸਵੇਰ ਦੀ ਸਭਾ ਵਿਚ ਬੋਲਦਿਆਂ ਹਮੇਸ਼ਾਂ ਬੱਚਿਆਂ ਨੂੰ ਔਰਤ ਦੇ ਸਤਿਕਾਰ ਦਾ ਪਾਠ ਪੜ੍ਹਾਇਆ ਹੈ।ਅੱਜ ਵੀ ਉਹ ਬੱਚੇ ਇੰਜ ਮਿਲਦੇ ਹਨ ਜਿਵੇਂ ਕੋਈ ਆਪਣੇ ਮਾਪਿਆਂ ਨੂੰ ਮਿਲਦਾ ਹੈ। ਅਜਿਹਾ ਮੌਕਾ ਕਦੇ ਨਹੀਂ ਆਇਆ ਕਿ ਕੁਲੀਗ ਅਧਿਆਪਕਾਵਾਂ ਜਾਂ ਕਿਸੇ ਹੋਰ ਬੱਚੀਆਂ ਪ੍ਰਤੀ ਮਨ ਵਿਚ ਕਦੇ ਕੋਈ ਮੰਦ-ਭਾਵਨਾ ਆਈ ਹੋਵੇ ਜਾਂ ਕਦੇ ਨਿਰਾਦਰ ਭਰੇ ਬੋਲ ਬੋਲੇ ਹੋਣ।           

ਅਧਿਆਪਨ ਦੇ ਕਾਰਜ ਦੌਰਾਨ ਵੱਖਰੇ ਸੁਭਾਅ,ਆਦਤਾਂ ਤੇ ਰੁਚੀਆਂ ਵਾਲੇ ਸਾਥੀਆਂ ਨਾਲ ਵਾਹ ਪੈਂਦਾ ਰਿਹਾ ਹੈ।ਪਰ ਅਜਿਹੇ ਮੌਕੇ ਕਦੇ ਨਹੀਂ ਆਏ ਕਿ ਆਪਣੀ ਹਉਂ ਦਾ ਪ੍ਰਗਟਾਵਾ ਕਰਦਿਆਂ ਆਪਣੇ ਆਪ ਨੂੰ ਹੀ ਸਹੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੋਵੇ।ਜਿਸ ਨਾਲ ਵਿਚਾਰਾਂ ਦਾ ਵਖਰੇਵਾਂ ਹੋਇਆ,ਉਸ ਨੂੰ ਵੀ ਕਦੇ ਨੀਵਾਂ ਦਿਖਾਉਣ ਦੀ ਗੱਲ ਮਨ ਵਿਚ ਨਹੀਂ ਲਿਆਂਦੀ। ਕਦੇ ਕੋਈ ਧੜਾ ਬਣਾ ਕੇ ਆਪਣੀ ਸਰਵ-ਉੱਚਤਾ ਨਹੀਂ ਦਿਖਾਈ।ਅੱਜ ਸਾਡੀਆਂ ਬਹੁਤੀਆਂ ਲੜਾਈਆਂ ਸਾਡੀ ਹਊਮੇ ਦੀ ਬਦੌਲਤ ਹੀ ਹਨ। ਮੇਰੀ ਪ੍ਰਾਪਤੀ ਤਾਂ ਬੱਸ ਏਨੀ ਕੁ ਹੀ ਹੈ ਕਿ ਮੇਰੇ ਗੁਰੂ ਨੇ ਮੈਨੂੰ ਜਿਹੜਾ ਰਾਹ ਦਿਖਾਇਆ ਸੀ,ਮੈਂ ਉਸ ‘ਤੇ ਚੱਲ ਕੇ ਸਫਲ ਹੋ ਸਕਿਆ। ਸਮਾਂ ਬਦਲ ਗਿਆ ਹੈ ਤੇ ਹੁਣ ਹਰ ਕੋਈ ਆਪਣੇ ਆਪ ਨੂੰ ਹੀ ਸਿਆਣਾ ਸਮਝਣ ਦਾ ਭਰਮ ਪਾਲੀ ਬੈਠਾ ਹੈ। ਕਿਸੇ ਸਿਆਣੇ ਦੀ ਦਿੱਤੀ ਮੱਤ ਨੂੰ ਕੋਈ ਵਿਰਲਾ ਹੀ ਗੌਲਦਾ ਹੈ।                                               

(ਲੇਖਕ ਨਾਲ ਇਸ 9815356086 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।)